ਬਰਨਾਲਾ ਵਿੱਚ ਹੋਵੇਗਾ ਵੱਡਾ ਕ੍ਰਿਕਟ ਟੂਰਨਾਮੈਂਟ, ਜੇਤੂ ਪਿੰਡ ਜਾਂ ਵਾਰਡ ਨੂੰ ਮਿਲੇਗੀ 11 ਲੱਖ ਰੁਪਏ ਦੀ ਗ੍ਰਾਂਟ
Kamal Sandhu
ਬਰਨਾਲਾ- ਬਰਨਾਲਾ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੇ ਕ੍ਰਿਕਟ ਟੂਰਨਾਮੈਂਟ ਦਾ ਐਲਾਨ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਮੁਕਾਬਲੇ ਵਿੱਚ ਜੇਤੂ ਟੀਮ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦਕਿ ਜੇਤੂ ਪਿੰਡ ਜਾਂ ਵਾਰਡ ਨੂੰ 11 ਲੱਖ ਰੁਪਏ ਦੀ ਗ੍ਰਾਂਟ ਵੀ ਮਿਲੇਗੀ। ਟੂਰਨਾਮੈਂਟ ਲਈ 2 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਗਰੂਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਦੇ ਪਿੰਡ ਕਰਮਗੜ੍ਹ, ਖੁੱਡੀ ਕਲਾਂ, ਦਾਨਗੜ੍ਹ ਅਤੇ ਸ਼ਹਿਰ ਦੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿੱਚ ਕ੍ਰਿਕਟ ਮੈਚ ਕਰਵਾਏ ਜਾਣਗੇ।
ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਖੇਡ ਮੈਦਾਨ ਨਾਲ ਜੋੜਨਾ ਅਤੇ ਖੇਤਰ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨਾ ਹੈ।
ਟੂਰਨਾਮੈਂਟ ਵਿੱਚ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਦੇ ਆਧਾਰ ’ਤੇ ਟੀਮਾਂ ਬਣਾਈਆਂ ਜਾਣਗੀਆਂ। ਪਿੰਡ ਦੀ ਟੀਮ ਲਈ ਉਸੇ ਪਿੰਡ ਦੇ ਆਧਾਰ ਕਾਰਡ ਰਾਹੀਂ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਹੋਵੇਗੀ। ਉੱਥੇ ਹੀ ਸ਼ਹਿਰ ਦੀਆਂ ਟੀਮਾਂ ਵਿੱਚ ਵਾਰਡ ਦੇ ਆਧਾਰ ’ਤੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਖਿਡਾਰੀਆਂ ਦੀ ਵੈਰੀਫਿਕੇਸ਼ਨ ਆਧਾਰ ਕਾਰਡ ਅਤੇ ਸਬੰਧਤ ਨਗਰ ਕੌਂਸਲ ਦੇ ਰਿਕਾਰਡ ਦੇ ਅਨੁਸਾਰ ਕੀਤੀ ਜਾਵੇਗੀ।
ਟੂਰਨਾਮੈਂਟ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 3 ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ, ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਜੇਤੂ ਪਿੰਡ ਜਾਂ ਵਾਰਡ ਨੂੰ 11 ਲੱਖ ਰੁਪਏ ਅਤੇ ਉਪ ਜੇਤੂ ਪਿੰਡ ਜਾਂ ਵਾਰਡ ਨੂੰ 6 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਹਰੇਕ ਟੀਮ ਨੂੰ ਕ੍ਰਿਕਟ ਕਿੱਟ ਵੀ ਦਿੱਤੀ ਜਾਵੇਗੀ।
ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਰੱਖੀ ਗਈ ਹੈ। ਇੱਛੁਕ ਟੀਮਾਂ 2 ਅਕਤੂਬਰ ਤੋਂ 7 ਅਕਤੂਬਰ ਤੱਕ ਸੰਸਦ ਮੈਂਬਰ ਮੀਤ ਹੇਅਰ ਦੇ ਦਫ਼ਤਰ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਹਰੇਕ ਟੀਮ ਵਿੱਚ ਸ਼ੁਰੂਆਤ ਵਿੱਚ 11 ਖਿਡਾਰੀਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ, ਜਦਕਿ ਬਾਅਦ ਵਿੱਚ 2 ਤੋਂ 3 ਖਿਡਾਰੀਆਂ ਨੂੰ ਬਦਲਣ ਦੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ।
ਸੰਸਦ ਮੈਂਬਰ ਮੀਤ ਹੇਅਰ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ 9 ਅਕਤੂਬਰ ਨੂੰ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
- Download Babushahi App
-
-