ਬਠਿੰਡਾ ਜ਼ਿਲ੍ਹੇ ਦੇ 96 ਫੀਸਦੀ ਵੋਟਰਾਂ ਦੇ SIR ਫਾਰਮ ਡਿਜਿਟਾਈਜ਼ ਮੁਕੰਮਲ ਹੋਣ 'ਤੇ ਡੀਸੀ ਵੱਲੋਂ ਵਧਾਈ
ਬਾਕੀ ਵੋਟਰ ਵੀ ਐੱਸ.ਆਈ.ਆਰ. ਫਾਰਮ ਭਰ ਕੇ ਜਲਦ ਤੋਂ ਜਲਦ ਜਮ੍ਹਾ ਕਰਵਾਉਣ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2026 : ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਅੱਜ ਜ਼ਿਲ੍ਹਾ ਬਠਿੰਡਾ ਦੇ ਵੋਟਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇ ਕੇ 96 ਫੀਸਦੀ ਐੱਸ.ਆਈ.ਆਰ. (ਵਿਸ਼ੇਸ਼ ਗਹਿਰੀ ਸੁਧਾਈ) ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਆਪਣੇ ਫਾਰਮ ਸਮੇਂ-ਸਿਰ ਭਰ ਕੇ ਆਪਣਾ ਫਰਜ਼ ਨਿਭਾਇਆ ਜਿਸ ਨਾਲ ਲੋਕਤੰਤਰ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹੇ ਦੇ ਵੋਟਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਯਤਨਾਂ ਸਦਕਾ ਹੁਣ ਕੇਵਲ 4 ਫੀਸਦੀ ਵੋਟਰਾਂ ਦੇ ਫਾਰਮ ਭਰ ਡਿਜੀਟਾਈਜ਼ ਹੋਣੇ ਬਾਕੀ ਹਨ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਸ.ਆਈ.ਆਰ. ਦੇ ਫਾਰਮ ਭਰ ਕੇ ਬੀ.ਐੱਲ.ਓ. ਕੋਲ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਡਿਜੀਟਾਈਜ਼ ਵੈੱਬ ਸਾਈਟ ਉੱਤੇ ਅੱਪਲੋਡ ਕੀਤਾ ਜਾ ਸਕੇ ।
ਉਨ੍ਹਾਂ ਸਾਰੇ ਬੀ.ਐਲ.ਓ. ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਘਰ-ਘਰ ਜਾ ਕੇ ਫਾਰਮ ਪਹਿਲਾਂ ਵੰਡੇ ਤੇ ਫਿਰ ਇਕੱਠੇ ਕਰ ਕੇ ਡਿਜੀਟਾਈਜ਼ ਕੀਤੇ। ਉਨ੍ਹਾਂ ਅਪੀਲ ਕੀਤੀ ਕਿ ਬਾਕੀ ਰਹਿੰਦੇ ਵੋਟਰ ਵੀ ਆਪਣੇ ਫਾਰਮ ਭਰ ਕੇ ਬੀ.ਐਲ.ਓ. ਨੂੰ ਦੇਣ ਅਤੇ ਆਪਣਾ ਦੇਸ਼ ਪ੍ਰਤੀ ਫਰਜ਼ ਨਿਭਾਉਣ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਕੁੱਲ 1192 ਬੀ.ਐੱਲ.ਓ ਅਤੇ 10,53,091 ਵੋਟਰ ਹਨ। ਇਨ੍ਹਾਂ ਵਿਚੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ 200 ਬੀ.ਐੱਲ.ਓ. ਅਤੇ 1,68,129 ਵੋਟਰ ਹਨ, ਹਲਕਾ ਭੁੱਚੋ ਮੰਡੀ ਵਿਖੇ 203 ਬੀ.ਐੱਲ.ਓ. ਅਤੇ 1,83,190 ਵੋਟਰ ਹਨ, ਹਲਕਾ ਬਠਿੰਡਾ ਸ਼ਹਿਰੀ ਵਿਖੇ 244 ਬੀ.ਐੱਲ.ਓ. ਅਤੇ 2,23,498 ਵੋਟਰ ਹਨ, ਹਲਕਾ ਬਠਿੰਡਾ ਦਿਹਾਤੀ ਵਿਖੇ 170 ਬੀ.ਐੱਲ.ਓ. ਅਤੇ 1,57,039 ਵੋਟਰ ਹਨ, ਹਲਕਾ ਤਲਵੰਡੀ ਸਾਬੋ ਸਾਬੋ ਵਿਖੇ 179 ਬੀ.ਐੱਲ.ਓ. ਅਤੇ 1,56,484 ਵੋਟਰ ਹਨ ਅਤੇ ਹਲਕਾ ਮੌੜ ਵਿਖੇ 196 ਬੀ.ਐੱਲ.ਓ. ਅਤੇ 1,64,751 ਵੋਟਰ ਹਨ, ਜਿਨ੍ਹਾਂ ਨੂੰ ਐੱਸ.ਆਈ.ਆਰ. ਤਹਿਤ ਕਵਰ ਕੀਤਾ ਗਿਆ ਹੈ।
- Download Babushahi App
-
-