ਫਤਹਿ ਮਾਰਚ ਵਿੱਚ ਬਾਬਾ ਬਲਬੀਰ ਸਿੰਘ ਸਮੇਤ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ
ਸ਼੍ਰੋ: ਕਮੇਟੀ ਤੇ ਨਿਹੰਗ ਸਿੰਘ ਫੌਜਾਂ ਨੇ ਰੱਲ ਕੇ ਫਤਹਿ ਮਾਰਚ ਕੱਢਿਆ
ਸ੍ਰੀ ਫਤਹਿਗੜ੍ਹ ਸਾਹਿਬ:- 12 ਮਈ 2025 : ਸਰਹੰਦ ਫਤਹਿ ਦਿਵਸ ਦੀ 315ਵੀਂ ਵਰ੍ਹੇ ਗੰਢ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵੱਲੋਂ ਗੁਰਦੁਆਰਾ ਸ੍ਰੀ ਫਤਹਿ-ਏ-ਜੰਗ ਸਾਹਿਬ ਚੱਪੜਚਿੱੜੀ ਤੋਂ ਵਿਸ਼ੇਸ਼ ਯਾਦਗਾਰੀ ਫਤਹਿ ਮਾਰਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਸਿੱਖੀ ਮਾਣ ਮਰਯਾਦਾ ਖਾਲਸਾਈ ਪਰੰਪਰਾਵਾਂ ਤੇ ਰਹੁਰੀਤਾਂ ਅਨੁਸਾਰ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਕੱਢਿਆ ਗਿਆ। ਨਿਹੰਗ ਸਿੰਘਾਂ ਨੇ ਮਾਹੌਲ ਵਿੱਚ ਇਕ ਨਵੀਂ ਤਾਜ਼ਗੀ ਭਰ ਦਿੱਤੀ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਦਸਮ ਪਿਤਾ ਵੱਲੋਂ ਥਾਪੜਾ ਦੇ ਤੌਰੇ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਫੌਜ ਨੇ ਡੱਟ ਕੇ ਜਬਰ ਜ਼ੁਲਮ ਵਿਰੁੱਧ ਲੜਾਈ ਲੜੀ ਅਤੇ ਜਾਲਮਾਂ ਦਾ ਨਾਸ਼ ਕੀਤਾ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਸਰਹੰਦ ਨੂੰ ਫਤਹਿ ਕਰਨ ਦਾ ਸਮੁੱਚਾ ਇਤਿਹਾਸ ਵੀ ਸੰਗਤ ਨਾਲ ਸਾਂਝਾ ਕੀਤਾ।
ਉਨ੍ਹਾਂ ਕਿਹਾ ਦਸਮ ਪਿਤਾ ਦੇ ਪ੍ਰੀਵਾਰ ਨੂੰ ਸ਼ਹੀਦ ਕਰਨ ਵਾਲਿਆਂ ਤੇ ਖਾਲਸਾ ਪੰਥ ਵਿਰੁੱਧ ਸਾਜਸਾਂ ਰੱਚਣ ਵਾਲਿਆਂ ਨੂੰ ਸੌਧਿਆ ਗਿਆ। ਸਰਹੰਦ ਫਤਹਿ ਦਾ ਖਾਲਸਾ ਫੌਜਾਂ ਦਾ ਸ਼ਾਨਾਮੱਤਾ ਇਤਿਹਾਸ ਹੈ ਜਿਸ ਤੋਂ ਹਰੇਕ ਸਿੱਖ ਨੂੰ ਜਾਣੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜ ਵੀ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ। ਇਸ ਮੌਕੇ ਗੁ: ਸਾਹਿਬ ਦੇ ਮੈਨੇਜਰ ਸੁ: ਗੁਰਦੀਪ ਸਿੰਘ ਕੰਗ, ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ, ਸ. ਅਵਤਾਰ ਸਿੰਘ ਰੀਆ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਸ. ਕਰਨੈਲ ਸਿੰਘ ਪੰਜੌੌਲੀ, ਸ. ਚਰਨਜੀਤ ਸਿੰਘ ਕਾਲੇ ਵਾਲ, ਸ. ਰਜਿੰਦਰ ਸਿੰਘ ਟੌਹੜਾ, ਗਿ. ਅਤਰ ਸਿੰਘ ਗ੍ਰੰਥੀ ਜੋਤੀ ਸਰੂਪ, ਸ. ਪਰਮਿੰਦਰ ਸਿੰਘ, ਸ. ਸਰਿੰਦਰ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਗਿ. ਚਰਨਜੀਤ ਸਿੰਘ ਪ੍ਰਚਾਰਕ ਨੇ ਬਾਖੂਬੀ ਨਿਭਾਈ।