ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਸਦਮਾ, ਚਾਚਾ ਕੇਸ਼ਵ ਬਹਿਲ ਦਾ ਹੋਇਆ ਦਿਹਾਂਤ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਈ 2025 ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਚਾਚਾ ਸ਼੍ਰੀ ਕੇਸ਼ਵ ਬਹਿਲ ਜੀ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਕੇਸ਼ਵ ਬਹਿਲ ਦੇ ਅਕਾਲ ਚਲਾਣੇ ਨਾਲ ਗੁਰਦਾਸਪੁਰ ਨੂੰ ਇੱਕ ਵੱਡਾ ਘਾਟਾ ਪਿਆ ਹੈ ਅਤੇ ਗੁਰਦਾਸਪੁਰ ਨੇ ਇੱਕ ਵੱਡਾ ਲੋਕ ਆਗੂ ਅਤੇ ਸਮਾਜ ਸੇਵੀ ਖੋਹ ਲਿਆ ਹੈ।
ਸਵਰਗੀ ਸ਼੍ਰੀ ਕੇਸ਼ਵ ਬਹਿਲ ਜੋ ਸਵਰਗੀ ਸ੍ਰੀ ਖ਼ੁਸ਼ਹਾਲ ਬਹਿਲ ਦੇ ਛੋਟੇ ਭਰਾ ਸਨ ਅਤੇ ਉਹ 25 ਸਾਲ ਪਿੰਡ ਹਯਾਤ ਨਗਰ ਦੇ ਸਰਪੰਚ ਰਹੇ। ਇਸ ਤੋਂ ਇਲਾਵਾ ਕੇਸ਼ਵ ਬਹਿਲ 2 ਵਾਰ ਬਲਾਕ ਸੰਮਤੀ ਗੁਰਦਾਸਪੁਰ ਦੇ ਚੇਅਰਮੈਨ, ਲੈਂਡ ਮਾਰਗੇਜ਼ ਤੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਇਸ ਦੇ ਨਾਲ ਹੀ ਉਹ ਜੀਵਨ ਭਰ ਸਮਾਜ ਸੇਵਾ ਨਾਲ ਜੁੜੇ ਰਹੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੇ ਕਮਜ਼ੋਰ ਤੇ ਗ਼ਰੀਬਾਂ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ।
ਕੇਸ਼ਵ ਬਹਿਲ ਦੀ ਸਮਾਜ ਸੇਵਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਰਾਜਪਾਲ ਸ੍ਰੀ ਸਿਧਾਰਥ ਸ਼ੰਕਰ ਰੇਅ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੇਸ਼ਵ ਬਹਿਲ ਦੇ ਅਕਾਲ ਚਲਾਣੇ ਨਾਲ ਪੂਰੇ ਗੁਰਦਾਸਪੁਰ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਅਵਾਮ ਇੱਕ ਬੇਹੱਦ ਨੇਕ, ਲੋਕ ਆਗੂ ਅਤੇ ਸਮਾਜ ਸੇਵੀ ਦੇ ਚਲੇ ਜਾਣ ਤੋਂ ਦੁੱਖੀ ਹੈ। ਕੇਸ਼ਵ ਬਹਿਲ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਅੱਜ ਬਾਅਦ ਦੁਪਹਿਰ 4 ਵਜੇ ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤੀਆਂ ਜਾਣਗੀਆਂ।