ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਬੀਕੇਯੂ ਉਗਰਾਹਾਂ ਵੱਲੋਂ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ,5 ਸਤੰਬਰ 2025 :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਪੰਜਾਬ ਵਿੱਚ ਹੜਾਂ ਨਾਲ ਹੋਈ ਤਬਾਹੀ ਕਾਰਨ ਹੋਏ ਮਨੁੱਖੀ , ਦੁਧਾਰੂ ਅਤੇ ਹੋਰ ਪਸ਼ੂਆਂ ਦੇ ਜਾਨੀ ਨੁਕਸਾਨ, ਫਸਲਾਂ, ਘਰਾਂ, ਦੁਕਾਨਾਂ ਅਤੇ ਹੋਰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਲੈਣ ਅਤੇ ਹੜਾਂ ਦੇ ਪਾਣੀ ਤੋਂ ਪੈਦਾ ਹੋਈਆਂ ਜਾਂ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਅੱਜ ਜ਼ਿਲਾ ਬਠਿੰਡਾ ਵੱਲੋਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੰਗ ਪੱਤਰ ਦਿੱਤਾ ਗਿਆ ।ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ ਅਤੇ ਹੋਰਨਾਂ ਥਾਵਾਂ 'ਤੇ ਬਦਲ ਫੱਟਣ ਅਤੇ ਭਾਰੀ ਵਰਖਾ ਪੈਣ ਦੇ ਵਰਤਾਰੇ ਸਦਕਾ ਵੱਡੇ ਪੱਧਰ 'ਤੇ ਜਾਨ-ਮਾਲ, ਫ਼ਸਲਾਂ, ਘਰ-ਘਾਟ ਅਤੇ ਜ਼ਮੀਨਾਂ ਦੀ ਬਰਬਾਦੀ ਹੋਈ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ।
ਇਸ ਲਈ ਕੌਮੀ ਆਫ਼ਤ ਫੰਡ ਜਾਰੀ ਕਰਕੇ ਵੱਡੇ ਪੱਧਰ 'ਤੇ ਰਾਹਤ ਕਾਰਜਾਂ ਨੂੰ ਫੌਰੀ ਅੱਗੇ ਵਧਾਇਆ ਜਾਵੇ,ਹੜ੍ਹਾਂ ਦੀ ਮਾਰ ਸਦਕਾ ਹੋਈਆਂ ਇਨਸਾਨੀ ਮੌਤਾਂ ਵਾਲੇ ਪਰਿਵਾਰਾਂ ਨੂੰ ਤਕੜੀ ਮਾਇਕ ਸਹਾਇਤਾ ਦੇ ਕੇ ਢਾਰਸ ਦਿੱਤੀ ਜਾਵੇ। ਪਾਲਤੂ ਪਸ਼ੂ ਤੇ ਹੋਰਨਾਂ ਸਹਾਇਕ ਧੰਦਿਆਂ ਦੇ ਨੁਕਸਾਨ, ਘਰ- ਘਾਟ ਤੇ ਫ਼ਸਲਾਂ, ਜ਼ਮੀਨਾਂ ਵਗੈਰਾ ਦੀ ਬਰਬਾਦੀ ਨੂੰ ਝੱਲਣ ਵਾਲੇ ਲੋਕਾਂ ਦੇ ਨੁਕਸਾਨ ਦੀ ਸੌ ਫ਼ੀਸਦੀ ਪੂਰਤੀ ਲਈ ਤੁਰੰਤ ਫੰਡ ਜਾਰੀ ਕੀਤੇ ਜਾਣ। ਜ਼ਰੂਰੀ ਉਸਾਰ ਢਾਂਚੇ ਸੜਕਾਂ, ਸਕੂਲਾਂ, ਹਸਪਤਾਲਾਂ ਤੇ ਹੋਰ ਸਾਂਝੀਆਂ ਥਾਵਾਂ ਦੇ ਹੋਏ ਨੁਕਸਾਨ ਨੂੰ ਪੂਰਨ ਲਈ ਵੀ ਫੰਡ ਜਾਰੀ ਕੀਤੇ ਜਾਣ ਤੇ ਮੁੜ ਉਸਾਰੀ ਦਾ ਕੰਮ ਪਾਣੀ ਉਤਰਨ ਸਾਰ ਸ਼ੁਰੂ ਕੀਤਾ ਜਾਵੇ, ਬਰਸਾਤੀ ਪਾਣੀ ਦੇ ਪ੍ਰਦੂਸ਼ਣ ਸਦਕਾ ਪੈਦਾ ਹੋ ਸਕਣ ਵਾਲੀਆਂ ਤੇ ਵੱਡੇ ਪੱਧਰ ਤੇ ਫ਼ੈਲ ਜਾਣ ਵਾਲੀਆਂ ਬੀਮਾਰੀਆਂ ਦੀ ਅਗਾਊਂ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾਣ, ਬਰਸਾਤੀ ਮੌਸਮ ਆਉਣ ਤੋਂ ਪਹਿਲਾਂ ਖ਼ਾਸ ਕਰਕੇ ਭਾਰੀ ਬਾਰਸ਼ਾਂ ਹੋਣ ਦੀ ਪੇਸ਼ੀਨਗੋਈ ਹੋ ਜਾਣ ਦੇ ਬਾਵਜੂਦ ਕੋਈ ਵੀ ਸਰਕਾਰ ਚੌਕਸ ਨਹੀਂ ਹੋਈ ਅਤੇ ਹਰਕਤ ਵਿੱਚ ਨਹੀਂ ਆਈ।
ਉਨ੍ਹਾਂ ਕਿਹਾ ਕਿ ਦਰਿਆਵਾਂ, ਡਰੇਨਾਂ, ਧੁੱਸੀ ਬੰਨ੍ਹ ਤੇ ਫਲੱਡ ਗੇਟਾਂ ਵਗੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫਾਈ, ਮੁਰੰਮਤ ਵਗੈਰਾ ਕਰਨ ਵਿੱਚ ਭਾਰੀ ਅਣਗਹਿਲੀ ਹੋਈ ਹੈ। ਅਜਿਹੀ ਕੋਤਾਹੀ ਕਰਨ ਵਾਲੀ ਦੋਸ਼ੀ ਸਿਆਸੀ ਲੀਡਰਸ਼ਿਪ ਅਤੇ ਅਫ਼ਸਰਸ਼ਾਹੀ ਦੀ ਪਛਾਣ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਲੋਕਾਂ ਦੀ ਜਾਨ-ਮਾਲ ਨਾਲ ਖੇਡਣ ਲਈ ਬਣਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਕੰਢਿਆਂ ਅਤੇ ਡੈਮਾਂ ਅਤੇ ਫਲੱਡ ਗੇਟਾਂ ਵਗੈਰਾ ਦਾ ਸਮੁੱਚਾ ਢਾਂਚਾ ਪੁਰਾਣਾ ਤੇ ਜ਼ਰਜ਼ਰਾ ਹੋ ਚੁੱਕਿਆ ਹੈ। ਇਸ ਨੂੰ ਮੋਜੂਦਾ ਸਮੇਂ 'ਚ ਵਿਕਸਿਤ ਹੋ ਚੁੱਕੀ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਪੂਰਨ ਰੂਪ ਵਿੱਚ ਨਵਿਆਇਆ ਜਾਵੇ। ਇਸ ਤੋਂ ਅੱਗੇ ਦਰਿਆਈ ਤੇ ਨਹਿਰੀ ਪਾਣੀ ਦੀ ਸੰਭਾਲ ਤੇ ਵਰਤੋਂ ਲਈ ਤੇ ਇਸ ਨੂੰ ਹਰ ਖੇਤ ਤੱਕ ਪਹੁੰਚਦਾ ਕਰਨ ਲਈ ਨਵਾਂ ਢਾਂਚਾ ਉਸਾਰਨ ਦੀ ਜ਼ਰੂਰਤ ਹੈ। ਇਸ ਮਕਸਦ ਦੀ ਪੂਰਤੀ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਵੱਡੀਆਂ ਬਜਟ ਰਕਮਾਂ ਰਾਖਵੀਆਂ ਰੱਖੀਆਂ ਜਾਣ। ਇਸ ਤਰ੍ਹਾਂ ਹੜ੍ਹਾਂ ਦੀ ਮਾਰ ਤੋਂ ਸਥਾਈ ਰੋਕਥਾਮ ਲਈ ਅਤਿ ਜ਼ਰੂਰੀ ਕਦਮ ਚੁੱਕੇ ਜਾਣ ਤੇ ਹੜ੍ਹਾਂ ਦੀ ਮਾਰ ਪੈ ਜਾਣ ਉਪਰੰਤ ਰਾਹਤ ਕਦਮਾਂ ਲਈ ਵਧੇਰੇ ਰਕਮਾਂ ਰੱਖੀਆਂ ਜਾਣ, ਆਲਮੀ ਤਪਸ਼ ਵਿੱਚ ਹੁੰਦਾ ਆ ਰਿਹਾ ਲਗਾਤਾਰ ਵਾਧਾ, ਜੰਗਲਾਂ ਤੇ ਪਹਾੜਾਂ ਦੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਕੱਟ-ਕਟਾਈ , ਵਾਤਾਵਰਨ/ਆਬੋ-ਹਵਾ ਅਤੇ ਪਾਣੀ ਵਿੱਚ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਕਾਰਪੋਰੇਟ ਵਿਕਾਸ ਮਾਡਲ ਦੀ ਦੇਣ ਹੈ। ਬੱਦਲਾਂ ਦਾ ਫਟਣਾ, ਹੜ੍ਹਾਂ ਦੀ ਮਾਰ, ਤੂਫ਼ਾਨਾਂ ਦੀ ਤਬਾਹੀ ਵਰਗੇ ਸਭ ਵਰਤਾਰੇ ਕੁਦਰਤ ਦੇ ਨਾਲ ਅਜਿਹੀ ਛੇੜਛਾੜ ਦਾ ਸਿੱਟਾ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧ ਨੂੰ ਚਲਦਾ ਕਰਨ ਲਈ ਸਾਡੀਆਂ ਸਰਕਾਰਾਂ ਕਾਰਪੋਰੇਟ ਮਾਡਲ ਤੋਂ ਪ੍ਰੇਰਿਤ ਨੀਤੀਆਂ ਨੂੰ ਰੱਦ ਕਰਨ,ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ 'ਤੇ ਲੋਕਾਂ ਦੇ ਜ਼ਬਰਦਸਤ ਵਿਰੋਧ ਸਦਕਾ ਇਸ ਨੂੰ ਵਾਪਸ ਲੈ ਚੁੱਕੀ ਹੈ ਪਰ ਨਾਲ ਦੀ ਨਾਲ ਪੰਚਾਇਤੀ ਜ਼ਮੀਨਾਂ ਤੇ ਹੋਰ ਸਰਕਾਰੀ ਜ਼ਮੀਨਾਂ/ ਜਾਇਦਾਦਾਂ ਨਿਲਾਮ ਕਰਨ ਦੇ ਰਾਹ ਤੁਰ ਪਈ ਹੈ। ਅਜਿਹੀਆਂ ਸਾਰੀਆਂ ਜਾਇਦਾਦਾਂ ਲੋਕਾਂ ਦੀ ਸੇਵਾ ਸੰਭਾਲ ਅਤੇ ਵਰਤੋਂ ਲਈ ਹਨ। ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਦੀ ਨੀਤੀ ਲਾਗੂ ਕਰਨ ਤੋਂ ਬਾਜ ਆਵੇ, ਨਹੀਂ ਫੇਰ ਲੋਕ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ।ਅੱਜ ਦੇ ਇਕੱਠ ਨੂੰ ਹਰਜਿੰਦਰ ਸਿੰਘ, ਔਰਤ ਆਗੂ ਹਰਿੰਦਰ ਕੌਰ ਬਿੰਦੂ,ਕਰਮਜੀਤ ਕੌਰ ਲਹਿਰਾ ਖਾਨਾ,ਜਗਦੇਵ ਸਿੰਘ ਜੋਗੇਵਾਲਾ,ਜਗਸੀਰ ਸਿੰਘ ਝੁੰਬਾ,ਅਵਤਾਰ ਸਿੰਘ ਭਗਤਾ,ਗੁਲਾਬ ਸਿੰਘ ਜਿਉਂਦ, ਟੀ ਐਸ ਯੂਨੀਅਨ ਦੇ ਸੂਬਾ ਆਗੂ ਚੰਦਰ ਸਰਮਾਂ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਜਿਲਾ ਆਗੂਆਂ ਹਰਜਿੰਦਰ ਸਿੰਘ ਬੱਗੀ,ਜਸਵੀਰ ਸਿੰਘ ਬੁਰਜ ਸੇਮਾ,ਜਗਦੇਵ ਸਿੰਘ ਜੋਗੇਵਾਲਾ,ਜਗਸੀਰ ਸਿੰਘ ਝੁੰਬਾ ਅਤੇ ਹਰਿੰਦਰ ਕੌਰ ਬਿੰਦੂ ਵੱਲੋਂ ਜੇਲ੍ਹ ਵਿੱਚ ਬੰਦ ਦੋ ਕਿਸਾਨ ਆਗੂਆਂ ਦੀ ਮੁਲਾਕਾਤ ਅਤੇ ਹੋਰ ਸਮੱਸਿਆਵਾਂ ਅਤੇ ਖੇਤੀ ਮੋਟਰਾਂ ਦੇ ਸਾਮਾਨ ਦੀਆਂ ਹੋ ਰਹੀਆਂ ਚੋਰੀਆਂ ਸੰਬੰਧੀ ਐਸ ਐਸ ਪੀ ਨੂੰ ਮਿਲਣ ਗਿਆ ਤਾਂ ਐਸ ਐਸ ਪੀ ਦਫਤਰ ਦੇ ਮੁੱਖ ਅਫਸਰ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਕਿਸਾਨ ਆਗੂਆਂ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।