ਪੰਜਾਬ ਵਿੱਚ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਲਈ ਜਾਣਬੁੱਝ ਕੇ ਰਚੀ ਜਾ ਰਹੀ ਹੈ ਸਾਜ਼ਿਸ਼: ਐਸ.ਆਰ. ਲੱਧੜ
ਪੰਜਾਬ ਵਿੱਚ ਡਾ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਚਿੰਤਾਜਨਕ: ਡਾ. ਵੀਨਾ ਗਰਗ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2026 : ਸੀਨੀਅਰ ਭਾਜਪਾ ਆਗੂ ਅਤੇ ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਐਸ.ਆਰ. ਲੱਧੜ ਨੇ ਪੰਜਾਬ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤਾਂ ਦੀ ਲਗਾਤਾਰ ਬੇਅਦਬੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਨੂੰ ਪ੍ਰਸਤਾਵਿਤ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਸਾਰੀਆਂ ਥਾਵਾਂ 'ਤੇ ਸਥਾਪਤ ਬਾਬਾ ਸਾਹਿਬ ਦੀਆਂ ਮੂਰਤੀਆਂ ਦੀ ਸੁਰੱਖਿਆ ਅਤੇ ਸਤਿਕਾਰ ਲਈ ਠੋਸ ਕਦਮ ਚੁੱਕੇ।ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਪਿੱਛੋਂ ਪ੍ਰੈਸ ਬਿਆਨ ਰਾਹੀਂ ਐਸ.ਆਰ. ਲੱਧੜ , ਸ਼ੀਤਲ ਅੰਗੂਰਾਲ, ਡਾ. ਵੀਨਾ ਗਰਗ ਸ਼੍ਰੀਮਤੀ ਮੇਜਰ ਅੰਜੂ ਬਾਲਾ ਅਤੇ ਸ਼੍ਰੀ ਗੌਤਮ ਗਿਰੀਸ਼ ਆਦਿ ਆਗੂਆਂ ਨੇ ਕਿਹਾ ਕਿ 31 ਮਾਰਚ, 2026 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਘਟਨਾ ਨਹੀਂ ਹੈ, ਸਗੋਂ ਪਿਛਲੇ ਚਾਰ ਸਾਲਾਂ ਵਿੱਚ ਨੌਵੀਂ ਅਜਿਹੀ ਘਟਨਾ ਹੈ, ਜੋ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਜਾਪਦੀ ਹੈ। ਸ੍ਰੀ ਲੱਧੜ ਨੇ ਕਿਹਾ ਕਿ ਪੰਜਾਬ ਦੇਸ਼ ਵਿੱਚ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲਾ ਸੂਬਾ ਹੈ ਅਤੇ ਦਲਿਤ ਭਾਈਚਾਰਾ ਡਾ. ਬੀ.ਆਰ. ਅੰਬੇਡਕਰ ਨੂੰ ਭਗਵਾਨ ਮੰਨਦਾ ਹੈ। ਅਜਿਹੀਆਂ ਘਟਨਾਵਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦੀਆਂ ਹਨ।ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਜਾ ਰਹੀ ਹੈ, ਤਾਂ ਡਾ. ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਦੀ ਬੇਅਦਬੀ ਨੂੰ ਵੀ ਉਸ ਕਾਨੂੰਨ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾ਼ ਰਾਜਪਾਲ ਤੁਰੰਤ ਐਫ.ਆਈ.ਆਰ. ਦਰਜ ਕਰਵਾਉਣ ਅਤੇ ਮੌਜੂਦਾ ਪ੍ਰਸ਼ਾਸਨ ਦੌਰਾਨ ਵਾਪਰੀਆਂ ਅਜਿਹੀਆਂ ਸਾਰੀਆਂ ਘਟਨਾਵਾਂ, ਜਿਸ ਵਿੱਚ ਇਹ ਘਟਨਾ ਵੀ ਸ਼ਾਮਲ ਹੈ, ਵਿੱਚ ਸਖ਼ਤ ਕਾਰਵਾਈ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚੋਣ ਸਾਲ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
Click to Follow Babushahi Facebook page →