ਪੰਜਾਬ ਦੀਆਂ ਮਾਵਾਂ-ਧੀਆਂ-ਭੈਣਾਂ ਨੂੰ ਵੱਡਾ ਤੋਹਫ਼ਾ! ਤੀਜੀ ਕਿਸ਼ਤ ਰੱਖੜੀ ਵਾਲੇ ਦਿਨ ਖਾਤਿਆਂ ’ਚ ਪਵੇਗੀ: ਭਗਵੰਤ ਮਾਨ
ਚੰਡੀਗੜ੍ਹ, 26 ਅਗਸਤ 2026: ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਮਾਵਾਂ, ਧੀਆਂ ਅਤੇ ਭੈਣਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਦੱਸਿਆ ਕਿ ‘ਮਾਵਾਂ-ਧੀਆਂ ਸਤਿਕਾਰ ਸਕੀਮ’ ਦੀ ਤੀਜੀ ਕਿਸ਼ਤ ਦੀ ਵਿੱਤੀ ਸਹਾਇਤਾ ਰੱਖੜੀ ਵਾਲੇ ਦਿਨ ਹੀ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਯੋਜਨਾ ਦੀ ਕਿਸ਼ਤ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਜਾਰੀ ਕੀਤੀ ਜਾਂਦੀ ਹੈ ਪਰ ਇਸ ਵਾਰ 28 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੋਣ ਕਾਰਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਭੈਣਾਂ ਨੂੰ ਰੱਖੜੀ ਦਾ ਸ਼ਗਨ ਸਮੇਂ ਸਿਰ ਮਿਲੇ। ਉਨ੍ਹਾਂ ਕਿਹਾ ਕਿ ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਮੋਬਾਈਲ ਫੋਨਾਂ ’ਤੇ ਰਕਮ ਖਾਤਿਆਂ ਵਿੱਚ ਪਹੁੰਚਣ ਸਬੰਧੀ ਸੁਨੇਹੇ ਆਉਣੇ ਸ਼ੁਰੂ ਹੋ ਜਾਣਗੇ।
ਭਗਵੰਤ ਮਾਨ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ 3000 ਜਾਂ 4500 ਰੁਪਏ ਦੀ ਵਿੱਤੀ ਸਹਾਇਤਾ ਮਿਲ ਰਹੀ ਹੈ, ਉਨ੍ਹਾਂ ਲਈ ਇਹ ਸਹੂਲਤ ਜਾਰੀ ਰਹੇਗੀ। ਇਸ ਤੋਂ ਇਲਾਵਾ ਇਸ ਮਹੀਨੇ ਹੋਈਆਂ ਨਵੀਆਂ ਰਜਿਸਟ੍ਰੇਸ਼ਨਾਂ ਵਾਲੇ ਯੋਗ ਲਾਭਪਾਤਰੀਆਂ ਨੂੰ ਵੀ ਯੋਜਨਾ ਦਾ ਲਾਭ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ‘ਸਤਿਕਾਰ ਸਖੀਆਂ’ ਦੇ ਯੋਗਦਾਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੂੰ ਫਾਰਮ ਭਰਨ, ਜਾਤੀ ਸਰਟੀਫਿਕੇਟ ਬਣਵਾਉਣ, ਆਧਾਰ ਕਾਰਡ ਜਾਂ ਬੈਂਕ ਖਾਤਾ ਖੁਲ੍ਹਵਾਉਣ ਸਬੰਧੀ ਜਾਣਕਾਰੀ ਨਹੀਂ ਸੀ। ‘ਸਤਿਕਾਰ ਸਖੀਆਂ’ ਨੇ ਅੱਗੇ ਆ ਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਅਤੇ ਸਰਕਾਰੀ ਸਹਾਇਤਾ ਉਨ੍ਹਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਦੇ ਯੋਗਦਾਨ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਤੋਂ ਮਾਵਾਂ-ਭੈਣਾਂ ਦੀਆਂ ਵੀਡੀਓਜ਼ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਦੱਸਦੀਆਂ ਹਨ ਕਿ ਵਿੱਤੀ ਸਹਾਇਤਾ ਨਾਲ ਉਹ ਘਰ ਦਾ ਖਰਚ ਚਲਾ ਰਹੀਆਂ ਹਨ, ਦਵਾਈਆਂ ਖਰੀਦ ਰਹੀਆਂ ਹਨ ਜਾਂ ਦੁਕਾਨਦਾਰਾਂ ਦਾ ਉਧਾਰ ਚੁਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਟੈਕਸ ਦਾ ਪੈਸਾ ਹੈ, ਜੋ ਸਰਕਾਰ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਲੋਕਾਂ ਤੱਕ ਪਹੁੰਚਾ ਰਹੀ ਹੈ।
ਖਡੂਰ ਸਾਹਿਬ ਨਾ ਪਹੁੰਚਣ ’ਤੇ ਮੁੱਖ ਮੰਤਰੀ ਨੇ ਮੰਗੀ ਮੁਆਫ਼ੀ
ਮੁੱਖ ਮੰਤਰੀ ਨੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ, ਚੇਅਰਮੈਨ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਵੀ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਖਰਾਬੀਆਂ ਕਾਰਨ ਉਹ ਖਡੂਰ ਸਾਹਿਬ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਖਡੂਰ ਸਾਹਿਬ ਵਿੱਚ ਮੁੜ ਪ੍ਰੋਗਰਾਮ ਉਲੀਕ ਕੇ ਸਾਰਿਆਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਪਾਰਟੀ ਵਲੰਟੀਅਰਾਂ ਅਤੇ ਨੁਮਾਇੰਦਿਆਂ ਨੂੰ ਲੋੜਵੰਦ ਪਰਿਵਾਰਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਯੋਜਨਾਵਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਹਾਲਤ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਰਿਵਾਰ ਵਿੱਚ ਤੰਦਰੁਸਤੀ, ਰੋਜ਼ਗਾਰ ਅਤੇ ਮਾਣ-ਸਤਿਕਾਰ ਬਣਿਆ ਰਹੇ ਤਾਂ ਜੋ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।
- Download Babushahi App
-
-