ਪੰਜਾਬ ਕਾਂਗਰਸ 'ਚ ਕੋਈ ਧੜੇਬੰਦੀ ਨਹੀਂ, ਜਲਦ ਦੂਰ ਹੋਣਗੇ ਸਾਰੇ ਮਤਭੇਦ: MP ਰੰਧਾਵਾ
Babushahi Network
ਨਵੀਂ ਦਿੱਲੀ/ ਚੰਡੀਗੜ੍ਹ, 5 ਅਗਸਤ 2026- ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਮਤਭੇਦਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ ਅਤੇ ਜਿਹੜੀਆਂ ਗੱਲਾਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ, ਉਹ ਜਲਦ ਹੀ ਖਤਮ ਹੋ ਜਾਣਗੀਆਂ।
ਰੰਧਾਵਾ ਨੇ ਕਿਹਾ ਕਿ ਕਾਂਗਰਸ ਇੱਕ ਮਜ਼ਬੂਤ ਅਤੇ ਲੋਕਤਾਂਤਰਿਕ ਪਾਰਟੀ ਹੈ, ਜਿਸ ਵਿੱਚ ਵੱਖ-ਵੱਖ ਆਗੂ ਆਪਣੇ ਵਿਚਾਰ ਰੱਖਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ ਵਿੱਚ ਕੋਈ ਵੱਡਾ ਵਿਵਾਦ ਜਾਂ ਧੜੇਬੰਦੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸੀਨੀਅਰ ਲੀਡਰਸ਼ਿਪ ਦੇ ਪੱਧਰ 'ਤੇ ਸਾਰੇ ਮਸਲਿਆਂ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢ ਲਿਆ ਜਾਵੇਗਾ ਅਤੇ ਪਾਰਟੀ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਕੇ ਉਭਰੇਗੀ।
ਸੰਸਦ ਮੈਂਬਰ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ Charanjit Singh Channi ਨਾਲ ਜੁੜੀਆਂ ਚਰਚਾਵਾਂ 'ਤੇ ਵੀ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਚੰਨੀ ਨੇ ਕਦੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ Amrinder Singh Raja Warring ਦੇ ਅਸਤੀਫ਼ੇ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਹਕੀਕਤ ਤੋਂ ਪਰੇ ਹਨ ਅਤੇ ਬੇਲੋੜੇ ਭਰਮ ਪੈਦਾ ਕਰਦੀਆਂ ਹਨ।
ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਆਗੂ ਪਾਰਟੀ ਦੀ ਏਕਤਾ ਅਤੇ ਮਜ਼ਬੂਤੀ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਅਤੇ ਸੂਬੇ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਕੰਮ ਕਰਨਾ ਹੈ।
- Download Babushahi App
-
-