ਪੰਜਾਬੀ ਵਿਭਾਗ ਵੱਲੋਂ ਸ਼ਾਇਰ ਡਾ. ਅਮਰਜੀਤ ਕੌਂਕੇ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ
ਮਾਹਿਲਪੁਰ 19 ਮਾਰਚ 2026:- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਸਿੱਧ ਕਵੀ ਅਨੁਵਾਦਕ ਅਤੇ ਸਾਹਿਤਕ ਮੈਗਜ਼ੀਨ 'ਪ੍ਰਤਿਮਾਨ' ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਨਾਲ ਇੱਕ ਸੰਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਸਕੱਤਰ ਡਾ. ਅਮਰਜੀਤ ਸਿੰਘ, ਡਾ. ਜਗਤਾਰ ਮਿਸਤਰੀ ਅਤੇ ਡਾ. ਰਵੀ ਦਿੱਤ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ ਬੀ ਸੇਖੋਂ ਨੇ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕਰਨ ਵਾਲੀ ਵਾਲੀਆਂ ਸ਼ਖ਼ਸੀਅਤਾਂ ਨਾਲ ਸੰਵਾਦ ਸਮਾਰੋਹ ਰਚਾਏ ਜਾਂਦੇ ਹਨ ਜੋ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਿੱਚ ਸਹਾਇਕ ਬਣਦੇ ਹਨ। ਉਨ੍ਹਾਂ ਲੇਖਕ ਡਾ. ਅਮਰਜੀਤ ਕੌਂਕੇ ਵੱਲੋਂ ਪੰਜਾਬੀ ਕਵਿਤਾ, ਅਨੁਵਾਦ ਕਲਾ, ਸੰਪਾਦਨਾ ਆਦਿ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਚਰਚਾ ਕੀਤੀ। ਇਸ ਮੌਕੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸ਼ਾਇਰ ਅਮਰਜੀਤ ਕੌਂਕੇ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਪਿਛਲੇ ਕਰੀਬ 40 ਸਾਲਾਂ ਤੋਂ ਲਗਾਤਾਰ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਾ ਸਾਹਿਤ ਹਮੇਸ਼ਾ ਮਾਨਵਤਾ ਪੱਖੀ ਹੁੰਦਾ ਹੈ ਅਤੇ ਸ੍ਰੀ ਕੌਂਕੇ ਦੀ ਕਵਿਤਾ ਵੀ ਪੰਜਾਬ ਦੇ ਮਾਨਵਤਾਵਾਦੀ ਜੀਵਨ ਮੁੱਲਾਂ ਦੀ ਗੱਲ ਕਰਦੀ ਹੈ। ਉਨ੍ਹਾਂ ਸਾਹਿਤ ਅਕਾਦਮੀ ਵੱਲੋਂ ਕਾਲਜ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਅਮਰਜੀਤ ਕੌਂਕੇ ਨੇ ਆਪਣੀਆਂ ਕਵਿਤਾਵਾਂ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ । ਉਨਾਂ ਆਪਣੀ ਨਵੀਂ ਪੁਸਤਕ 'ਇਸ ਧਰਤੀ ਤੇ ਰਹਿੰਦਿਆਂ' ਵਿੱਚੋਂ ਕਵਿਤਾਵਾਂ ਸੁਣਾ ਕੇ ਹਾਜ਼ਰ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਹਾਸਲ ਕੀਤੀ । ਉਨ੍ਹਾਂ ਮਾਨਵਵਾਦੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਕਲਾ ਅਤੇ ਸਾਹਿਤ ਦੀ ਭੂਮਿਕਾ 'ਤੇ ਵਿਚਾਰ ਰੱਖੇ। ਇਸ ਮੌਕੇ ਡਾ. ਰਵੀਦਿੱਤ ਨੇ ਹੁਸ਼ਿਆਰਪੁਰ ਇਲਾਕੇ ਦੀ ਸਾਹਿਤਕ ਦੇਣ ਅਤੇ ਮਹਿੰਦਰ ਸਿੰਘ ਰੰਧਾਵਾ ਦੇ ਪੰਜਾਬ ਨੂੰ ਪਾਏ ਯੋਗਦਾਨ ਬਾਰੇ ਦੱਸਿਆ।ਇਸ ਮੌਕੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸ੍ਰੀ ਕੌਂਕੇ ਵੱਲੋਂ ਸੰਪਾਦਿਤ ਕੀਤੇ ਜਾ ਰਹੇ ਮੈਗਜੀਨ 'ਪ੍ਰਤਿਮਾਨ' ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਵਾਤਾਵਰਨ ਚਿੰਤਕ ਵਿਜੇ ਬੰਬੇਲੀ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਸਾਹਿਤ ਦੀ ਵਰਤਮਾਨ ਲੋੜ ਬਾਰੇ ਵਿਚਾਰ ਰੱਖੇ। ਡਾ. ਜਗਤਾਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਭਾਗ ਨੂੰ ਅਜਿਹੇ ਸਮਾਰੋਹਾਂ ਦੇ ਆਯੋਜਨ 'ਤੇ ਮੁਬਾਰਕਬਾਦ ਦਿੱਤੀ। ਸਮਾਰੋਹ ਮੌਕੇ ਹਾਜ਼ਰ ਬੁਲਾਰਿਆਂ ਦਾ ਪ੍ਰਬੰਧਕਾਂ ਵੱਲੋਂ ਪੁਸਤਕਾਂ ਦੇ ਸੈੱਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦੀ ਕਾਰਵਾਈ ਡਾ. ਬਲਵੀਰ ਕੌਰ ਰੀਹਲ ਨੇ ਚਲਾਈ। ਇਸ ਮੌਕੇ ਲੇਖਕ ਜੀਵਨ ਚੰਦੇਲੀ, ਡਾ. ਜੇ ਬੀ ਸੇਖੋਂ, ਡਾ. ਬਲਵੀਰ ਕੌਰ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਨਦੀਪ ਕੁਮਾਰ, ਡਾ. ਦੇਵ ਕੁਮਾਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਤਜਿੰਦਰ ਸਿੰਘ, ਡਾ. ਰਾਕੇਸ਼ ਕੁਮਾਰ, ਡਾ. ਵਿਕਰਾਂਤ ਰਾਣਾ, ਪ੍ਰੋ. ਗੁਰਪ੍ਰੀਤ ਕੌਰ, ਡਾ. ਵਰਿੰਦਰ ਆਜ਼ਾਦ, ਡਾ ਕੁਲਦੀਪ ਸਿੰਘ, ਪ੍ਰੋ. ਮਨਦੀਪ ਗੌਤਮ ਆਦਿ ਸਮੇਤ ਐੱਮ.ਏ ਪੰਜਾਬੀ ਅਤੇ ਹੋਰ ਕੋਰਸਾਂ ਦੇ ਵਿਦਿਆਰਥੀ ਹਾਜ਼ਰ ਸਨ।
Click to Follow Babushahi Facebook page →