ਪੰਜਾਬੀ ਯੂਨੀਵਰਸਿਟੀ 'ਚ ਬਣਨਗੇ 2 ਨਵੇਂ ਹੋਸਟਲ, ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਮਨਜ਼ੂਰੀ
-ਭਾਰਤ ਸਰਕਾਰ ਦੇ ਮਹਿਕਮੇ 'ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ' ਵੱਲੋਂ ਸੱਤ ਕਰੋੜ ਰੁਪਏ ਦੀ ਮਨਜ਼ੂਰੀ
-ਓ.ਬੀ.ਸੀ. ਸ਼੍ਰੇਣੀ ਦੇ ਲੜਕਿਆਂ ਅਤੇ ਲੜਕੀਆਂ ਲਈ ਹੋਣਗੇ ਹੋਸਟਲ
ਪਟਿਆਲਾ, 19 ਮਈ 2025- ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਦੋ ਨਵੇਂ ਹੋਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਇਸ ਬਾਰੇ ਜਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਹੋਸਟਲਾਂ ਵਿੱਚੋਂ ਇੱਕ ਹੋਸਟਲ ਓ.ਬੀ.ਸੀ. ਸ਼੍ਰੇਣੀ ਦੀਆਂ ਲੜਕੀਆਂ ਲਈ ਅਤੇ ਦੂਜਾ ਓ.ਬੀ.ਸੀ. ਸ਼੍ਰੇਣੀ ਦੇ ਲੜਕਿਆਂ ਲਈ ਹੋਵੇਗਾ। ਦੋਹੇਂ ਹੋਸਟਲਾਂ ਵਿੱਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਹੋਸਟਲ ਲਈ 3.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਯਾਨੀ ਪੰਜਾਬੀ ਯੂਨੀਵਰਸਿਟੀ ਲਈ ਕੁੱਲ 7.00 ਕਰੋੜ ਰੁਪਏ ਮਨਜ਼ੂਰ ਹੋਏ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਂਪਸ ਵਿੱਚ ਵਿਦਿਆਰਥੀਆਂ ਦੀ ਕੁੱਲ ਗਿਣਤੀ 12,000 ਦੇ ਕਰੀਬ ਹੈ ਪਰ ਹਾਲ ਦੀ ਘੜੀ ਇੱਥੇ ਸਿਰਫ਼ 5000 ਵਿਦਿਆਰਥੀਆਂ ਲਈ ਹੀ ਹੋਸਟਲ ਰਿਹਾਇਸ਼ ਦੀ ਸਹੂਲਤ ਉਪਲਬਧ ਹੈ। ਇਸ ਲਈ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਹੋਸਟਲ ਰਿਹਾਇਸ਼ ਦੀ ਵੱਡੀ ਘਾਟ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ - 2020 ਦੇ ਤਹਿਤ 26 ਵਿਭਾਗਾਂ ਵਿੱਚ ਯੂ.ਜੀ-ਪੀ.ਜੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ। ਇਸ ਲਈ ਹੋਸਟਲਾਂ ਵਿੱਚ ਕੁੱਲ ਉਪਲਬਧ ਰਿਹਾਇਸ਼ ਵਿੱਚ ਵਾਧਾ ਸਬੰਧਤ ਮੰਗ ਨੂੰ ਪੂਰਾ ਨਹੀਂ ਕਰ ਰਿਹਾ ਹੈ। ਇਸ ਸਥਿਤੀ ਵਿੱਚ ਅਜਿਹੀ ਖ਼ਬਰ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਹੈ।
ਵਰਨਣਯੋਗ ਹੈ ਕਿ ਯੂਨੀਵਰਸਿਟੀ ਨੇ ਰਾਖਵੇਂ ਵਰਗ ਦੇ ਵਿਦਿਆਰਥੀਆਂ ਨੂੰ 45 ਪ੍ਰਤੀਸ਼ਤ ਹੋਸਟਲ ਸੀਟਾਂ ਪ੍ਰਦਾਨ ਕੀਤੀਆਂ ਹਨ ਪਰ ਫਿਰ ਵੀ ਬਹੁਤ ਸਾਰੇ ਵਿਦਿਆਰਥੀ ਸੀਮਤ ਹੋਸਟਲ ਸੀਟਾਂ ਕਾਰਨ ਹੋਸਟਲ ਰਿਹਾਇਸ਼ ਦਾ ਲਾਭ ਲੈਣ ਤੋਂ ਅਸਮਰੱਥ ਰਹਿ ਜਾਂਦੇ ਹਨ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਨੂੰ ਹੋਸਟਲ ਅਲਾਟ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਮਾਲਵਾ ਖੇਤਰ ਦੇ ਪੇਂਡੂ ਖੇਤਰਾਂ ਨਾਲ਼ ਸਬੰਧਤ ਹਨ। ਨਵੇਂ ਹੋਸਟਲਾਂ ਦੀ ਉਸਾਰੀ ਨਾਲ ਓ.ਬੀ.ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਧੇਰੇ ਸੀਟਾਂ ਦੀ ਉਪਲਬਧਤਾ ਖਾਸ ਕਰ ਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਹੂਲਤ ਦੇਵੇਗੀ ਜੋ ਪੀ.ਜੀ. ਰਿਹਾਇਸ਼ ਦੇ ਰੂਪ ਵਿੱਚ ਨਿੱਜੀ ਰਿਹਾਇਸ਼ ਦੇ ਖਰਚੇ ਦੇਣ ਵਿੱਚ ਅਸਮਰੱਥ ਹਨ।