ਪੰਜਾਬੀ ਖਿੱਤਾ ਬਹੁਤ ਸਾਰੀਆਂ ਭਾਸ਼ਾਵਾਂ ਦਾ ਪੰਘੂੜਾ- ਜਸਵੰਤ ਸਿੰਘ ਜ਼ਫ਼ਰ
-ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਸੰਸਕ੍ਰਿਤ ਦਿਵਸ
ਪਟਿਆਲਾ 26 ਅਗਸਤ:
ਭਾਸ਼ਾ ਵਿਭਾਗ ਪੰਜਾਬ ਨੇ ਇੱਥੇ ਭਾਸ਼ਾ ਭਵਨ ਦੇ ਸੈਮੀਨਾਰ ਹਾਲ ਵਿਖੇ ਸੰਸਕ੍ਰਿਤ ਦਿਵਸ ਮਨਾਇਆ। ਜਿਸ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ ਅਤੇ ਕਵੀਸ਼ਰੀ ਜਥੇ ਨੇ ਗਾਇਨ ਨਾਲ ਸਮਾਗਮ ਨੂੰ ਵਿਲੱਖਣਤਾ ਪ੍ਰਦਾਨ ਕੀਤੀ। ਸ੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸੰਸਕ੍ਰਿਤ ਭਾਰਤੀ ਦੇ ਉੱਤਰੀ ਭਾਰਤ ਖੇਤਰ ਦੇ ਕੋਆਰਡੀਨੇਟਰ ਸ੍ਰੀ ਨਰੇਂਦਰ ਕੁਮਾਰ ਨੇ ਮੁੱਖ ਵਕਤਾ ਵਜੋਂ ਵਿਚਾਰ ਪੇਸ਼ ਕੀਤੇ। ਉੱਘੇ ਕਵੀਸ਼ਰ ਭੀਮ ਸਿੰਘ ਮੌੜਾਂ ਵਾਲਿਆਂ ਨੇ ਕਾਵਿ ਗਾਇਨ ਕੀਤਾ।
ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਨ ਦੌਰਾਨ ਕਿਹਾ ਕਿ ਪੰਜਾਬੀ ਖਿੱਤਾ ਭਾਸ਼ਾਵਾਂ ਦਾ ਪੰਘੂੜਾ ਹੈ। ਜਿੱਥੇ ਪੰਜਾਬੀ, ਹਿੰਦੀ, ਉਰਦੂ ਤੇ ਸੰਸਕ੍ਰਿਤ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਪ੍ਰਫੁੱਲਤ ਹੋਈਆਂ ਤੇ ਪ੍ਰਵਾਨ ਚੜੀਆਂ। ਇਨ੍ਹਾਂ ਭਾਸ਼ਾਵਾਂ ’ਚੋਂ ਪੁਰਾਤਨ ਹੋਣ ਕਰਕੇ ਸੰਸਕ੍ਰਿਤ ਦਾ ਸਥਾਨ ਨਾਨੀ ਵਰਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ਦਾ ਪਹਿਲਾ ਸਾਹਿਤ ਰਿਗਵੇਦ ਦੇ ਰੂਪ ’ਚ ਸਾਡੀ ਧਰਤੀ ’ਤੇ ਸੰਸਕ੍ਰਿਤ ਭਾਸ਼ਾ ’ਚ ਸਿਰਜਿਆ ਗਿਆ। ਦੁਨੀਆ ਦੇ ਸਰਬ ਪ੍ਰਵਾਨਿਤ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਸੰਸਕ੍ਰਿਤ ਦੀ ਸ਼ਬਦਾਵਲੀ ਵੱਡੀ ਮਾਤਰਾ ’ਚ ਵਰਤੀ ਗਈ ਹੈ। ਜਿਸ ਤੋਂ ਸੰਸਕ੍ਰਿਤ ਭਾਸ਼ਾ ਦੇ ਸਥਾਨ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਸਾਡੇ ਪੁਰਖਿਆਂ ਨੇ ਸੰਸਾਰ ਨੂੰ ਵਿਿਦਆ ਤੇ ਸਿਆਣਪ ਪ੍ਰਦਾਨ ਕੀਤੀ। ਅਫਸੋਸ ਦੀ ਗੱਲ ਇਹ ਹੈ ਕਿ ਇਸ ਖਿੱਤੇ ਦੀਆਂ ਭਾਸ਼ਾਵਾਂ ਨੂੰ ਸਿਆਸਤ ਨੇ ਵੰਡ ਪਾਉਣ ਲਈ ਵਰਤਿਆ।
ਵਕਤਾ ਸ੍ਰੀ ਨਰੇਂਦਰ ਕੁਮਾਰ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਸਿਰਜਣਾ ਤੇ ਹੋਂਦ ਦਾ ਅਧਾਰ ਉੱਥੇ ਦੀ ਭਾਸ਼ਾ, ਸੰਸਕ੍ਰਿਤੀ ਤੇ ਭੂਮੀ ਨੂੰ ਮੰਨਿਆ ਜਾਂਦਾ ਹੈ। ਸਾਨੂੰ ਮਾਣ ਹੈ ਕਿ ਸਾਡੇ ਕੋਲ ਸੰਸਕ੍ਰਿਤ ਵਰਗੀ ਭਾਸ਼ਾ ਹੈ, ਰਿਸ਼ੀਆਂ-ਮੁਨੀਆਂ ਵਾਲੀ ਸੰਸਕ੍ਰਿਤੀ ਤੇ ਮਹਾਂਪੁਰਖਾਂ ਦੀ ਵਰਸੋਈ ਭੂਮੀ ਹੈ। ਉਨ੍ਹਾਂ ਕਿਹਾ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੀ ਉਪਰੋਕਤ ਤਿੰਨ ਚੀਜ਼ਾਂ ਦੀ ਸੰਭਾਲ ਤੇ ਪਹਿਚਾਣ ਨਾ ਹੋਣ ਕਰਕੇ ਹੋਂਦ ਖਤਮ ਹੋ ਗਈ ਜਾਂ ਖਤਰੇ ’ਚ ਪੈ ਗਈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੀਆਂ ਜੜ੍ਹਾਂ ਸੰਸਕ੍ਰਿਤ ’ਚ ਹਨ, ਭਾਸ਼ਾਵਾਂ ਨੂੰ ਸਮਝਣ ਲਈ ਸੰਸਕ੍ਰਿਤ ਭਾਸ਼ਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਜਿਆਦਾਤਰ ਸੂਬਿਆਂ ਦੀ ਪਹਿਚਾਣ ਉਨ੍ਹਾਂ ਦੀ ਭਾਸ਼ਾ ਤੋਂ ਬਣੀ ਹੋਈ ਹੈ, ਜੋ ਦੇਸ਼ ਦੀ ਵੰਨ-ਸੁਵੰਨਤਾ ਦਾ ਪ੍ਰਮਾਣ ਹੈ।
ਇਸ ਮੌਕੇ ਨਾਮਵਰ ਕਵੀਸ਼ਰ ਭੀਮ ਸਿੰਘ ਮੌੜਾਂ ਵਾਲਿਆਂ ਦੇ ਜਥੇ ਨੇ ਸੰਸਕ੍ਰਿਤ ’ਚ ਵੰਦਨਾ ਗਾ ਕੇ ਸ਼ੁਰੂਆਤ ਕੀਤੀ। ਫਿਰ ਸਾਡੇ ਸੰਸਕ੍ਰਿਤ ਦੇ ਆਦਿ ਸਾਹਿਤ ਵਿੱਚ ਪ੍ਰਾਪਤ ਬੋਧ ਦੇ ਅਧਾਰਤ ਕਵੀਸ਼ਰੀਆਂ ਪੇਸ਼ ਕੀਤੀਆਂ। ‘ਪਰਉਪਕਾਰ ਕਰਨ ਲਈ ਬੇਟੇ ਤੂੰ ਦੁਨੀਆ ’ਤੇ ਆਇਆ’ ਤੇ ਰੁੱਖੀਆਂ ਨਾ ਖਾਈ, ਚੋਪੜ ਕੇ ਖਾਈ’ ਆਦਿ ਕਵਿਤਾਵਾਂ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਨ ’ਚ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਨੇ ਕਿਹਾ ਕਿ ਇਸ ਸਮੇਂ ਸੰਸਕ੍ਰਿਤ ਭਾਸ਼ਾ ਸਾਡੇ ਦੇਸ਼ ’ਚ ਬਹੁਤ ਪ੍ਰਫੁੱਲਤ ਹੋ ਰਹੀ ਹੈ ਭਾਵ ਆਪਣੇ ਸੁਨਹਿਰੀ ਦੌਰ ’ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦਾ ਪੰਜਾਬੀ ਭਾਸ਼ਾ ਨਾਲ ਨੇੜਲਾ ਸਬੰਧ ਹੈ। ਜਿਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਸੰਸਕ੍ਰਿਤ ਦਾ ਗਿਆਨ ਹੋਣਾ ਲਾਜ਼ਮੀ ਹੈ।
ਸ੍ਰੀ ਪ੍ਰਾਣ ਸੱਭਰਵਾਲ ਨੇ ਆਪਣੀਆਂ ਸਰਗਰਮੀਆਂ ਅਤੇ ਪੜ੍ਹਾਈ ਵਿੱਚ ਸੰਸਕ੍ਰਿਤ ਦੇ ਹਿੱਸੇ ਬਾਰੇ ਦਿਲਚਸਪ ਗੱਲਾਂ ਕੀਤੀਆਂ। ਅਖ਼ੀਰ ਵਿੱਚ ਸਾਰੇ ਮਹਿਮਾਨਾਂ ਤੇ ਕਵੀਸ਼ਰੀ ਜਥੇ ਦਾ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਹਾਇਕ ਨਿਰਦੇਸ਼ਕਾ ਦੇਵਿੰਦਰ ਕੌਰ ਨੇ ਕੀਤਾ। ਇਸ ਮੌਕੇ ਪਦਮਸ੍ਰੀ ਪ੍ਰਾਣ ਸੱਭਰਵਾਲ, ਉੱਤਰ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਾਇਕ ਨਿਰਦੇਸ਼ਕ ਰਵਿੰਦਰ ਸ਼ਰਮਾ, ਡਾ. ਪੁਸ਼ਪਿੰਦਰ ਕੌਰ, ਨਵੀਨ ਭਾਰਤੀ, ਡਾ. ਆਸ਼ਾ ਕਿਰਨ, ਸ਼ਾਇਰ ਅਵਤਾਰਜੀਤ, ਗੁਰਦਰਸ਼ਨ ਸਿੰਘ ਗੁਸੀਲ, ਗੁਲਜ਼ਾਰ ਪਟਿਆਲਵੀ, ਵਿਨੋਦ ਕੌਸ਼ਲ, ਜੋਗਾ ਸਿੰਘ ਖੀਵਾ ਤੇ ਵੱਡੀ ਗਿਣਤੀ ’ਚ ਸਾਹਿਤ ਰਸੀਏ ਹਾਜ਼ਰ ਸਨ।
- Download Babushahi App
-
-