ਪਿੰਡ ਘਰਿਆਲੀ ਦਾਸੂਵਾਲ 'ਚ 30 ਕਿੱਲੇ ਝੋਨੇ ਦੀ ਪਨੀਰੀ ਰਾਊਂਡਅਪ ਛਿੜਕ ਕੇ ਸਾੜੀ
ਪੀੜਤ ਕਿਸਾਨ ਨੇ ਇਨਸਾਫ ਦੀ ਮੰਗ ਕੀਤੀ
ਬਲਜੀਤ ਸਿੰਘ
ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲੀ ਦਾਸੂਵਾਲ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਪੀੜਤ ਕਿਸਾਨ ਗੁਰਦਿਆਲ ਸਿੰਘ ਦੀ 30 ਕਿੱਲੇ ਵਿੱਚ ਪਾਲੀ ਝੋਨੇ ਦੀ ਪਨੀਰੀ 'ਤੇ ਰਾਊਂਡਅਪ ਸਪਰੇ ਕਰਕੇ ਸਾੜ ਦਿੱਤੀ ਗਈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ਪੁੱਤਾਂ ਵਾਂਗ ਪਾਲੀ ਪਨੀਰੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਖਿਲਾਫ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਕੋਲ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਕਿਸਾਨ ਗੁਰਦਿਆਲ ਸਿੰਘ, ਜੋ ਕਿ ਸਾਬਕਾ ਪੰਚਾਇਤ ਮੈਂਬਰ ਵੀ ਹਨ, ਨੇ ਦੱਸਿਆ ਕਿ ਪਿੰਡ ਵਾਸੀ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਣਕ ਦੇ ਸੀਜ਼ਨ ਵਿੱਚ ਉਸ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ ਹੁਣ ਫਿਰ ਝੋਨੇ ਦੀ ਪਨੀਰੀ 'ਤੇ ਰਾਊਂਡਅਪ ਛਿੜਕ ਕੇ ਸਾੜ ਦਿੱਤੀ ਗਈ। ਪੀੜਤ ਕਿਸਾਨ ਨੇ ਪੁਲਿਸ ਚੌਂਕੀ ਘਰਿਆਲਾ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ, ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ।
ਇਸ ਮਾਮਲੇ 'ਤੇ ਪਿੰਡ ਦੇ ਮੋਹਤਬਾਰਾਂ ਪੰਜਾਬ ਸਿੰਘ, ਧਿਆਨ ਸਿੰਘ, ਰੁਪਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਨੇ ਵੀ ਐਸਐਸਪੀ ਕੋਲ ਮੰਗ ਕੀਤੀ ਕਿ ਦੋਸ਼ੀ ਵਿਅਕਤੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਚਾਇਤ ਵੱਲੋਂ ਵੀ ਕਾਰਵਾਈ ਹੋਵੇਗੀ।
ਦੂਜੇ ਪਾਸੇ, ਦੋਸ਼ੀ ਬਣਾਏ ਜਾ ਰਹੇ ਸੁਖਵਿੰਦਰ ਸਿੰਘ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ ਨਕਾਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਨਹੀਂ। ਉਸ ਨੇ ਕਿਹਾ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਉਹ ਗੁਰਦੁਆਰਾ ਸਾਹਿਬ 'ਚ ਸੌ ਦੇਣ ਲਈ ਵੀ ਤਿਆਰ ਹੈ।
ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਐਸਆਈ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਨੂੰ 4 ਵਜੇ ਚੌਂਕੀ 'ਤੇ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।