ਪਵਿੱਤਰ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਅਹਿਦ
*ਸੰਤ ਸੀਚੇਵਾਲ ਨੂੰ ‘21ਵੀਂ ਸਦੀ ਦਾ ਵਾਤਾਵਰਣ ਹੀਰੋ’ ਕਰਾਰ*
*ਕਾਰਸੇਵਾ ਵਿੱਚ ਲਗਾਤਾਰ ਸਹਿਯੋਗ ਦੇ ਰਹੇ ਸੇਵਾਦਾਰਾਂ ਦਾ ਸਨਮਾਨ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਜੁਲਾਈ 2026
ਪਾਣੀਆਂ ਦੀ ਸੰਭਾਲ ਬਾਰੇ ਲੋਕ ਚੇਤਨਾ ਪੈਦਾ ਕਰਨ ਵਾਲੀ ਪਵਿੱਤਰ ਕਾਲੀ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਅਹਿਦ ਲਿਆ ਗਿਆ। ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਬਾਬਾ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਤੋਂ ਪਹਿਲਾਂ ਦੇ ਦੁਰਵਸਥਾ ਭਰੇ ਹਾਲਾਤਾਂ ਅਤੇ ਪਿਛਲੇ 25 ਸਾਲਾਂ ਦੌਰਾਨ ਹੋਈ ਅਣਥੱਕ ਮਿਹਨਤ ਨਾਲ ਇਸ ਦੇ ਬਦਲੇ ਸਰੂਪ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜੇਲ੍ਹ ਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਦਾ ਮੁੜ ਸਾਫ਼ ਅਤੇ ਨਿਰੰਤਰ ਵਗਣਾ ਪੰਜਾਬ ਦੇ ਲੋਕਾਂ ਦੇ ਸਾਂਝੇ ਸਹਿਯੋਗ ਦੀ ਪ੍ਰਾਪਤੀ ਹੈ, ਜੋ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 25 ਸਾਲਾਂ ਦੀ ਲਗਾਤਾਰ ਲੋਕ ਸੇਵਾ ਅਤੇ ਜਨ-ਸਹਿਯੋਗ ਨਾਲ ਸੰਭਵ ਹੋ ਸਕੀ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ “21ਵੀਂ ਸਦੀ ਦਾ ਵਾਤਾਵਰਣ ਹੀਰੋ” ਕਰਾਰ ਦਿੰਦਿਆਂ ਕਿਹਾ ਕਿ ਉਹ ਜ਼ਮੀਨੀ ਪੱਧਰ ਨਾਲ ਜੁੜੇ ਅਜਿਹੇ ਸੰਤ ਹਨ, ਜਿਨ੍ਹਾਂ ਨੇ ਸੇਵਾ ਨੂੰ ਸਮਾਜਿਕ ਬਦਲਾਅ ਦਾ ਸਾਧਨ ਬਣਾਇਆ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾਉਂਦਿਆਂ ਵੀ ਸੰਤ ਸੀਚੇਵਾਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਕਾਲੀ ਵੇਈਂ ਦੀ ਕਾਰ ਸੇਵਾ ਦਾ ਸੰਦੇਸ਼ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜਿੱਥੇ ਪਿੰਡਾਂ ਦੇ ਗੰਦੇ ਪਾਣੀ ਦੇ ਵਿਿਗਆਨਕ ਅਤੇ ਵਿਹਾਰਕ ਹੱਲਾਂ ਦੀ ਡੂੰਘੀ ਸਮਝ ਰੱਖਦੇ ਹਨ, ਉੱਥੇ ਹੀ ਵਿਸ਼ਵ ਪੱਧਰੀ ਵਾਤਾਵਰਣ ਮੁੱਦਿਆਂ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ 'ਤੇ ਵੀ ਬੇਬਾਕੀ ਨਾਲ ਆਪਣੇ ਵਿਚਾਰ ਰੱਖ ਕੇ ਆਪਣੀ ਵਿਸ਼ਾਲ ਅਤੇ ਕੌਮਾਂਤਰੀ ਸੋਚ ਦਾ ਪ੍ਰਗਟਾਵਾ ਕਰਦੇ ਹਨ।
ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ, ਦਸੂਹਾ ਅਤੇ ਕਪੂਰਥਲਾ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਤੋਂ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਕਿਲੋਮੀਟਰਾਂ ਲੰਬੀਆਂ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ। ਇਸ ਉਪਰਾਲੇ ਨਾਲ ਕਿਸਾਨਾਂ ਨੂੰ ਗੁਣਵੱਤਾ ਵਾਲਾ ਪਾਣੀ ਮਿਲ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਚੇਵਾਲ ਮਾਡਲ ਤਹਿਤ ਸੂਬੇ ਦੇ ਪਿੰਡਾਂ ਵਿੱਚ ਗੰਦੇ ਪਾਣੀ ਦੇ ਸੁਚੱਜੇ ਨਿਕਾਸ ਲਈ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਜੇਲ੍ਹ ਤੇ ਐਨਆਰਆਈਜ਼ ਮਾਮਲਿਆ ਬਾਰੇ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਰਾਹੀ ਜੋ ਕਾਇਆ ਕਲਪ ਪਵਿੱਤਰ ਵੇਈਂ ਦਾ ਕੀਤਾ ਹੈ, ਉਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਹੁਣ ਸੰਤ ਸੀਚੇਵਾਲ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਲਈ ਵੀ ਉਸੇ ਜਜ਼ਬੇ ਨਾਲ ਕੰਮ ਕਰ ਰਹੇ ਹਨ ਅਤੇ ਉਮੀਦ ਹੈ ਕਿ ਕਾਲੀ ਵੇਈਂ ਵਾਂਗ ਬੁੱਢਾ ਦਰਿਆ ਵੀ ਮੁੜ ਆਪਣੀ ਪੁਰਾਣੀ ਸ਼ਾਨ ਹਾਸਲ ਕਰੇਗਾ।
ਡਾ. ਰਵਜੋਤ ਸਿੰਘ ਨੇ ਬੁੱਢੇ ਦਰਿਆ ਨੂੰ ਪੰਜਾਬ ਦੀ ਅਮੋਲਕ ਵਿਰਾਸਤ ਦੱਸਦਿਆਂ ਕਿਹਾ ਕਿ ਪੰਜਾਬ ਦੀ ਪਛਾਣ ਹੀ ਇਸ ਦੀਆਂ ਨਦੀਆਂ ਅਤੇ ਦਰਿਆਵਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਨੂੰ ਦਿਵਾਇਆ ਗਿਆ ਨਦੀਆਂ ਅਤੇ ਦਰਿਆਵਾਂ ਦੀ ਸੰਭਾਲ ਦਾ ਅਹਿਦ ਕੇਵਲ ਇੱਕ ਸੰਕਲਪ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਦੀ ਸਾਂਝੀ ਜ਼ਿੰਮੇਵਾਰੀ ਹੈ, ਜਿਸ ਨੂੰ ਲਗਾਤਾਰ ਲੋਕ ਭਾਗੀਦਾਰੀ ਨਾਲ ਅਮਲ ਵਿੱਚ ਲਿਆਉਣ ਦੀ ਲੋੜ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰਸੇਵਾ ਵਿੱਚ ਪਿਛਲੇ ਲਬੇਂ ਸਮੇਂ ਤੋਂ ਲਗਾਤਾਰ ਸਹਿਯੋਗ ਦੇ ਰਹੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਤੋਂ ਪਹਿਲਾਂ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਸੰਤ ਪ੍ਰਗਟ ਨਾਥ ਜੀ, ਸੰਤ ਗੁਰਮੇਜ਼ ਸਿੰਘ ਜੀ, ਸੰਤ ਜਸਵਿੰਦਰ ਹਰਿਆਣੇ ਤੋਂ, ਹਲਕਾ ਇੰਚਾਰਜ਼ ਸੱਜਣ ਸਿੰਘ ਚੀਮਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ, ਵਰੁਣ ਸ਼ਰਮਾ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਸਪਰੰਚ ਬੂਟਾ ਸਿੰਘ, ਮਨਜੀਤ ਸਿੰਘ, ਦੋਆਬਾ ਮੈਡੀਕਲ ਪ੍ਰਕਟੀਸ਼ਨਰਜ਼ ਦੀ ਟੀਮ, ਪਬਲਿਕ ਐਕਸ਼ਨ ਕਮੇਟੀ ਲੁਧਿਆਣਾ ਦੀ ਟੀਮ, ਕਰਨਲ ਲਖਨਪਾਲ ਸਿੰਘ, ਹਰਦੇਵ ਸਿੰਘ ਦੌਧਰ, ਸਤਪਾਲ ਸਿੰਘ, ਤਜਿੰਦਰ ਸਿੰਘ, ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਰਹੀਆਂ। ਸਟੇਜ਼ ਸਕੈਟਰੀ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ ਤੇ ਸੰੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।
- Download Babushahi App
-
-