ਨਸ਼ਿਆਂ ਰਾਹੀਂ ਪੰਜਾਬ ਦੀ ਨਸਲਕੁਸ਼ੀ ਦੀ ਨਿਰਪੱਖ ਪੜਤਾਲ ਚਾਹੁੰਦਾ ਹੈ ਪੰਜਾਬ- ਖਾਲੜਾ ਮਿਸ਼ਨ
ਮਨੂਵਾਦੀ ਧਿਰਾਂ ਸਮੇਂ-ਸਮੇਂ ’ਤੇ ਸਿੱਖੀ ਨਾਲ ਸਦਾ ਵੈਰ ਕਮਾਉਂਦੀਆਂ ਆ ਰਹੀਆਂ ਨੇ- ਖਾਲੜਾ ਮਿਸ਼ਨ
ਮਾਨਸਾ, 27 ਅਕਤੂਬਰ 2026- ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਬੀਤੇ ਦਿਨ ਮਾਨਸਾ ਵਿਖੇ ਲੱਗੇ ਧਰਨੇ ਵਿੱਚ ਹਾਜ਼ਰੀ ਭਰੀ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਖਾਲੜਾ ਮਿਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸਮੇਂ-ਸਮੇਂ ’ਤੇ ਮਨੂਵਾਦੀ ਧਿਰਾਂ ਸਿੱਖੀ ਨਾਲ ਸਦਾ ਵੈਰ ਕਮਾਉਂਦੀਆਂ ਆ ਰਹੀਆਂ ਹਨ। ਕਦੀ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ, ਕਦੀ ਪੰਜਾਬ ਦਾ ਪਾਣੀ - ਬਿਜਲੀ ਲੁੱਟਿਆ ,ਰਾਜਧਾਨੀ ਖੋਹੀ। ਇਸੇ ਲੜੀ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਚੜ੍ਹਾਈ ਕਰਕੇ ਸਿੱਖਾਂ ਦੀ ਕੁਲਨਾਸ਼ ਹੁੰਦੀ ਹੈ ਨਵੰਬਰ ਚੁਰਾਸੀ ਸਮੇਂ ਕੁੱਲਨਾਸ਼ ਹੁੰਦੀ ਹੈ,ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਕੁੱਲਨਾਸ਼ ਹੁੰਦੀ ਹੈ। ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਕੁੱਲਨਾਸ਼ ਖ਼ਿਲਾਫ਼ ਆਵਾਜ਼ ਉਠਾਉਣ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਹੁਣ ਲਗਾਤਾਰ ਨਸ਼ਿਆਂ ਰਾਹੀਂ ਸਿੱਖਾਂ ਦੀ ਕੁੱਲਨਾਸ਼ ਕੀਤੀ ਜਾ ਰਹੀ ਹੈ। ਪੰਜਾਬ ਨੂੰ ਬਰਬਾਦ ਕਰਨ ਵਾਲੇ ਦਿੱਲੀ, ਨਾਗਪੁਰ ਤੇ ਉਨ੍ਹਾਂ ਦੇ ਟੁੱਕੜਬੋਚ, ਪੰਜਾਬ ਬਚਾਉਣ ਦੇ ਦਮਗਜੇ ਮਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰਾਂ ਦਾ ਪੰਜਾਬ ਨਸ਼ਿਆਂ ਰਾਹੀਂ ਕੁੱਲਨਾਸ਼ ਦੀ ਨਿਰਪੱਖ ਪੜਤਾਲ ਚਾਹੁੰਦਾ ਹੈ ਅਤੇ ਮੁੱਖ ਮੰਤਰੀ ਸਮੇਤ ਡੀਜੀਪੀ ਦਾ ਅਸਤੀਫ਼ਾ ਚਾਹੁੰਦਾ ਹੈ। ਇਸ ਮੌਕੇ ’ਤੇ ਬਾਬਾ ਦਰਸ਼ਨ ਸਿੰਘ, ਚੇਅਰਮੈਨ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ, ਹਰਮਨਦੀਪ ਸਿੰਘ ਸਰਹਾਲੀ, ਜਥੇਦਾਰ ਨਿਰਮਲ ਸਿੰਘ, ਸਤਵਿੰਦਰ ਸਿੰਘ ਪਲਾਸੌਰ ਤੇ ਹੋਰਾਂ ਨੇ ਭਾਈ ਪਰਵਿੰਦਰ ਸਿੰਘ ਦੇ ਪਿਤਾ ਜੀ ਨਾਲ ਮੁਲਾਕਾਤ ਕਰਕੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਇਹ ਕੁਰਬਾਨੀ ਨਸ਼ਿਆਂ ਰਾਹੀਂ ਕੁਲ ਨਾਸ਼ ਕਰਨ ਵਾਲੇ ਲੋਕਾਂ ਦੀਆਂ ਜੜ੍ਹਾਂ ਪੁੱਟ ਦੇਵੇਗੀ।
ਉਨ੍ਹਾਂ ਕਿਹਾ ਕਿ ਨਿਰਪੱਖ ਪੜਤਾਲ ਲਈ ਕਮਿਸ਼ਨ ਬਣਨਾ ਚਾਹੀਦਾ ਹੈ ਤਾਂ ਕਿ ਨਸ਼ਿਆਂ ਰਾਹੀਂ ਕੁਲ ਨਾਸ਼ ਕਰਵਾਉਣ ਵਾਲੀਆਂ ਰਾਜਨੀਤਿਕ ਧਿਰਾਂ ਤੇ ਪੁਲਿਸ ਅਧਿਕਾਰੀਆਂ ਦੇ ਚਿਹਰੇ ਬੇਨਕਾਬ ਹੋ ਸਕਣ। ਨਸ਼ਿਆਂ ਰਾਹੀਂ ਹੋਈ ਨੌਜਵਾਨਾਂ ਦੀ ਗਿਣਤੀ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖ਼ਰ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਦੀ ਕੁੱਲ ਨਾਸ਼ ਵਿੱਚ ਸ਼ਾਮਲ ਧਿਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ।
- Download Babushahi App
-
-