ਦਵਾਈ ਨੀਤੀ ਵਿੱਚ ਸੋਧ ਸਮੇਤ ਛੇ ਮੰਗਾਂ ਸਬੰਧੀ ਕੈਮਿਸਟ ਐਸੋਸੀਏਸ਼ਨ ਵੱਲੋਂ MLA ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ 2026 : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸਾਹਮਣੇ ਪ੍ਰਮੁੱਖਤਾ ਨਾਲ ਰੱਖਣ, ਤਾਂ ਜੋ ਕੈਮਿਸਟ ਵਰਗ ਨੂੰ ਰਾਹਤ ਮਿਲ ਸਕੇ।ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨਾਲ ਸੂਬੇ ਦੇ 27 ਹਜ਼ਾਰ ਤੋਂ ਵੱਧ ਕੈਮਿਸਟ ਜੁੜੇ ਹੋਏ ਹਨ। ਉਨ੍ਹਾਂ ਦੇ ਪਰਿਵਾਰਾਂ ਅਤੇ ਦੁਕਾਨਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਦੀ ਰੋਜ਼ੀ-ਰੋਟੀ ਇਸ ਕਾਰੋਬਾਰ ’ਤੇ ਨਿਰਭਰ ਕਰਦੀ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਕੋਵਿਡ-19 ਮਹਾਂਮਾਰੀ, ਹੜ੍ਹਾਂ ਵਰਗੀਆਂ ਆਫ਼ਤਾਂ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਕੈਮਿਸਟ ਭਾਈਚਾਰੇ ਨੇ ਸਰਕਾਰ ਦਾ ਪੂਰਾ ਸਹਿਯੋਗ ਦਿੱਤਾ ਅਤੇ ਆਮ ਲੋਕਾਂ ਤੱਕ ਦਵਾਈਆਂ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਹਨਾਂ ਕਿਹਾ ਕਿ ਮੌਜੂਦਾ ਸੋਧੀ ਹੋਈ ਦਵਾਈ ਨੀਤੀ ਕਾਰਨ ਕੈਮਿਸਟਾਂ ਨੂੰ ਕਈ ਵਿਹਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਦਵਾਈ ਕਾਰੋਬਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।ਐਸੋਸੀਏਸ਼ਨ ਨੇ ਸਰਕਾਰ ਅੱਗੇ ਛੇ ਮੁੱਖ ਮੰਗਾਂ ਰੱਖੀਆਂ। ਇਨ੍ਹਾਂ ਵਿੱਚ ਦਵਾਈ ਨੀਤੀ ਵਿੱਚ ਲੋੜੀਂਦੀ ਸੋਧ, ਜਨ ਔਸ਼ਧੀ ਕੇਂਦਰਾਂ ਦੀ ਨਿਯਮਿਤ ਜਾਂਚ, ਲਾਜ਼ਮੀ ਸ਼ਡਿਊਲ ਐਚ-1 ਰਜਿਸਟਰ ਦੀ ਸ਼ਰਤ ਖਤਮ ਕਰਨਾ, ਗੈਰ-ਅਧਿਕਾਰਤ ਆਨਲਾਈਨ ਐਪਾਂ ਰਾਹੀਂ ਦਵਾਈਆਂ ਦੀ ਸਪਲਾਈ ’ਤੇ ਰੋਕ ਲਗਾਉਣਾ, ਓਐਨਡੀਐਲਐਸ ਪੋਰਟਲ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਅਤੇ ਫਾਰਮਾਸਿਸਟ ਲਾਇਸੈਂਸ ਦੇ ਨਵੀਨੀਕਰਨ ਨਾਲ ਜੁੜੇ ਮਾਮਲਿਆਂ ਦਾ ਜਲਦ ਨਿਪਟਾਰਾ ਕਰਨਾ ਸ਼ਾਮਲ ਹੈ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਪੂਰਾ ਯਤਨ ਕਰਨਗੇ।ਇਸ ਮੌਕੇ ਬਠਿੰਡਾ ਹੋਲਸੇਲ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਗੋਇਲ, ਸਾਬਕਾ ਪ੍ਰਧਾਨ ਦਰਸ਼ਨ ਜੋੜਾ, ਨਥਾਣਾ ਯੂਨਿਟ ਦੇ ਪ੍ਰਧਾਨ ਬਜਿੰਦਰ ਸ਼ਰਮਾ, ਗੁਰਜਿੰਦਰ ਸਿੰਘ ਸਾਹਨੀ, ਰਾਮਪੁਰਾ ਯੂਨਿਟ ਤੋਂ ਸੰਨੀ ਵਰਮਾ, ਜਗਤਾਰ ਭੁੱਲਰ, ਉਪ ਪ੍ਰਧਾਨ ਨਰਿੰਦਰ ਬਾਂਸਲ, ਮਹਾਸਚਿਵ ਅਜੀਤ ਅਗਰਵਾਲ, ਕੈਸ਼ੀਅਰ ਰਾਜੇਸ਼ ਗਰਗ, ਕਾਰਜਕਾਰੀ ਮੈਂਬਰ ਪੁਰਸ਼ੋਤਮ ਸਿੰਗਲਾ, ਸੁਮਨ ਕਾਂਸਲ, ਸਚਿਨ ਕੁਮਾਰ, ਅਜੈ ਸਿੰਗਲਾ, ਅਮਿਤ ਬਾਂਸਲ ਅਤੇ ਹੋਰ ਮੈਂਬਰ ਹਾਜ਼ਰ ਸਨ।
- Download Babushahi App
-
-