ਤੀਜੀ ਵਾਰ ਧੱਸੀ ਸੜਕ, ਫਿਰ ਬੇਨਕਾਬ ਹੋਈ ਨਗਰ ਨਿਗਮ ਦੀ ਕਾਰਗੁਜ਼ਾਰੀ
---ਮਿੰਟ ਘੁੰਮਰੀ ਚੌਂਕ 'ਚ ਮੀਂਹ ਦੇ ਕੁਝ ਮਿੰਟਾਂ ਬਾਅਦ ਬਣਿਆ ਡੂੰਘਾ ਖੱਡਾ, ਵੱਡਾ ਹਾਦਸਾ ਟਲਿਆ
'---ਕੀ ਲੋਕਾਂ ਦੀਆਂ ਜਾਨਾਂ ਤੋਂ ਵੱਧ ਕੀਮਤੀ ਹੈ ਘਟੀਆ ਨਿਰਮਾਣ?' — ਸਥਾਨਕ ਲੋਕਾਂ ਦਾ ਸਵਾਲ
ਸੁਖਮਿੰਦਰ ਭੰਗੂ
ਲੁਧਿਆਣਾ, 27 ਜੁਲਾਈ 2026
ਸ਼ਹਿਰ ਦੇ ਸਭ ਤੋਂ ਵਿਅਸਤ ਚੌਰਾਹਿਆਂ ਵਿੱਚੋਂ ਇੱਕ ਮਿੰਟ ਘੁੰਮਰੀ ਚੌਂਕ ਇੱਕ ਵਾਰ ਫਿਰ ਨਗਰ ਨਿਗਮ ਦੀ ਕਥਿਤ ਲਾਪਰਵਾਹੀ ਅਤੇ ਮੁਰੰਮਤ ਕਾਰਜਾਂ ਦੀ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਮਾਡਲ ਟਾਊਨ ਤੋਂ ਦੀਪ ਹਸਪਤਾਲ ਰੋਡ ਵੱਲ ਜਾਂਦੇ ਰਸਤੇ 'ਤੇ, ਲਾਇਲਪੁਰ ਸਵੀਟਸ ਦੇ ਸਾਹਮਣੇ, ਸੜਕ ਅਚਾਨਕ ਧੱਸ ਗਈ। ਇਹ ਇਸੇ ਥਾਂ 'ਤੇ ਤੀਜੀ ਵਾਰ ਵਾਪਰੀ ਘਟਨਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਪੰਜ ਤੋਂ ਦਸ ਮਿੰਟ ਦੀ ਬਰਸਾਤ ਤੋਂ ਬਾਅਦ ਹੀ ਸੜਕ ਹੇਠੋਂ ਖੋਖਲੀ ਹੋ ਗਈ ਅਤੇ ਡੂੰਘਾ ਖੱਡਾ ਬਣ ਗਿਆ। ਇਸ ਕਾਰਨ ਇੱਕ ਸਕੂਟਰ ਸਵਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਜੇਕਰ ਇਹ ਘਟਨਾ ਰਾਤ ਸਮੇਂ ਜਾਂ ਭਾਰੀ ਟ੍ਰੈਫਿਕ ਦੌਰਾਨ ਵਾਪਰਦੀ ਤਾਂ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਸਨ।
ਪਹਿਲਾਂ ਵੀ ਫਟੀ ਸੀ ਮੁੱਖ ਪਾਣੀ ਦੀ ਪਾਈਪਲਾਈਨ
ਕਰੀਬ ਛੇ ਤੋਂ ਅੱਠ ਮਹੀਨੇ ਪਹਿਲਾਂ ਇਸੇ ਸਥਾਨ 'ਤੇ ਪਾਣੀ ਦੀ ਮੁੱਖ ਪਾਈਪਲਾਈਨ ਫਟ ਗਈ ਸੀ। ਉਸ ਸਮੇਂ ਸੜਕ ਅਤੇ ਪਾਈਪਲਾਈਨ ਦੀ ਸਾਈਡ ਵਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਬਰਸਾਤ ਦੇ ਮੌਸਮ ਵਿੱਚ ਮੁਰੰਮਤ ਦਾ ਕੰਮ ਕੀਤਾ ਗਿਆ ਅਤੇ ਸਥਾਨਕ ਲੋਕਾਂ ਨੇ ਸਪੱਸ਼ਟ ਤੌਰ 'ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਇਹ ਇਲਾਕਾ ਬਹੁਤ ਵਿਅਸਤ ਹੈ, ਇਸ ਲਈ ਮੁਰੰਮਤ ਉੱਚ ਗੁਣਵੱਤਾ ਅਤੇ ਤਕਨੀਕੀ ਮਾਪਦੰਡਾਂ ਅਨੁਸਾਰ ਕੀਤੀ ਜਾਵੇ।
ਪਰ ਹੁਣ ਸੜਕ ਦਾ ਮੁੜ ਧੱਸ ਜਾਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਜਾਂ ਤਾਂ ਮੂਲ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਜਾਂ ਫਿਰ ਮੁਰੰਮਤ ਕੰਮ ਮਿਆਰੀ ਪੱਧਰ ਦਾ ਨਹੀਂ ਸੀ।
ਪ੍ਰਸ਼ਾਸਨ ਗੈਰਹਾਜ਼ਰ, ਸਮਾਜ ਸੇਵੀ ਨੇ ਸੰਭਾਲਿਆ ਮੋਰਚਾ
ਘਟਨਾ ਤੋਂ ਬਾਅਦ ਮੌਕੇ 'ਤੇ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਨਾ ਹੋਣ ਕਾਰਨ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਖੁਦ ਬਾਂਸ ਲਗਾ ਕੇ ਖ਼ਤਰਨਾਕ ਥਾਂ ਨੂੰ ਨਿਸ਼ਾਨਬੱਧ ਕੀਤਾ, ਤਾਂ ਜੋ ਹੋਰ ਕੋਈ ਰਾਹਗੀਰ ਜਾਂ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਨਾ ਬਣੇ।
ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਮੌਕੇ ਦੀ ਤੁਰੰਤ ਜਾਂਚ ਕਰਵਾਈ ਜਾਵੇ, ਖ਼ਤਰਨਾਕ ਹਿੱਸੇ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਵਾਰ-ਵਾਰ ਸੜਕ ਧੱਸਣ ਦੇ ਅਸਲ ਕਾਰਨਾਂ ਦੀ ਵਿਗਿਆਨਕ ਅਤੇ ਤਕਨੀਕੀ ਜਾਂਚ ਕਰਵਾ ਕੇ ਸਥਾਈ ਹੱਲ ਕੀਤਾ ਜਾਵੇ।
ਕੀ ਮੁਰੰਮਤ ਸਿਰਫ਼ ਕਾਗਜ਼ਾਂ ਤੱਕ ਸੀਮਤ ਸੀ?
ਇੱਕੋ ਥਾਂ 'ਤੇ ਤਿੰਨ ਵਾਰ ਸੜਕ ਧੱਸਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੀ ਪਿਛਲੀ ਮੁਰੰਮਤ ਦੌਰਾਨ ਘਟੀਆ ਸਮੱਗਰੀ ਵਰਤੀ ਗਈ? ਕੀ ਮਿੱਟੀ ਦੀ ਢੁੱਕਵੀਂ ਕੰਪੈਕਸ਼ਨ ਨਹੀਂ ਕੀਤੀ ਗਈ? ਕੀ ਕੰਮ ਦੀ ਗੁਣਵੱਤਾ ਦੀ ਨਿਗਰਾਨੀ ਨਹੀਂ ਹੋਈ? ਅਤੇ ਕੀ ਜਨਤਾ ਦੇ ਟੈਕਸ ਦੇ ਪੈਸੇ ਨਾਲ ਕੀਤੇ ਕੰਮਾਂ ਦਾ ਕੋਈ ਸਮਾਜਿਕ ਜਾਂ ਤਕਨੀਕੀ ਆਡਿਟ ਹੁੰਦਾ ਹੈ?
ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਲੱਭੇ ਗਏ ਤਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਹੋਰ ਵੀ ਗੰਭੀਰ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ।
ਜਨਤਾ ਦੀ ਮੰਗ
ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ:
ਇਸ ਮਾਮਲੇ ਦੀ ਉੱਚ ਪੱਧਰੀ ਤਕਨੀਕੀ ਜਾਂਚ ਕਰਵਾਈ ਜਾਵੇ।
ਪਿਛਲੇ ਮੁਰੰਮਤ ਕਾਰਜ ਦੀ ਗੁਣਵੱਤਾ ਅਤੇ ਖਰਚੇ ਦਾ ਆਡਿਟ ਕੀਤਾ ਜਾਵੇ।
ਜੇਕਰ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸੜਕ ਦੀ ਸਥਾਈ ਮੁਰੰਮਤ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਅਰਵਿੰਦ ਸ਼ਰਮਾਂ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ
ਵਾਰ-ਵਾਰ ਇੱਕੋ ਥਾਂ 'ਤੇ ਸੜਕ ਧੱਸਣਾ ਸਿਰਫ਼ ਇੱਕ ਆਮ ਘਟਨਾ ਨਹੀਂ, ਸਗੋਂ ਸ਼ਹਿਰੀ ਬੁਨਿਆਦੀ ਢਾਂਚੇ ਦੀ ਸੰਭਾਲ ਅਤੇ ਨਿਗਰਾਨੀ ਪ੍ਰਣਾਲੀ 'ਤੇ ਗੰਭੀਰ ਸਵਾਲ ਹੈ। ਜੇਕਰ ਜ਼ਿੰਮੇਵਾਰੀ ਤੈਅ ਨਾ ਕੀਤੀ ਗਈ ਤਾਂ ਅਜਿਹੀਆਂ ਘਟਨਾਵਾਂ ਲੋਕਾਂ ਦੀ ਜਾਨ ਅਤੇ ਸਰਕਾਰੀ ਧਨ—ਦੋਵਾਂ ਲਈ ਭਾਰੀ ਨੁਕਸਾਨ ਦਾ ਕਾਰਨ ਬਣਦੀਆਂ ਰਹਿਣਗੀਆਂ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਓ ਐਂਡ ਐਮ ਸੈਲ ਦੇ ਐਸਡੀਓ ਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਪੁਟਾਈ ਸ਼ੁਰੂ ਕਰਵਾ ਕੇ ਇਸਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ। ਜਦੋਂ ਇਹ ਸਵਾਲ ਕੀਤਾ ਗਿਆ ਕਿ ਇਹ ਤੀਸਰਾ ਚਾਂਸ ਹੋਇਆ ਹੈ ਇਸ ਜਗ੍ਹਾ ਤੋਂ ਸੜਕ ਧਸਦੀ ਕਿਉਂ ਹੈ ਇਸ ਨੂੰ ਚੰਗੀ ਤਰੀਕੇ ਨਾਲ ਗੁਣਵੱਤਾ ਨਾਲ ਠੀਕ ਕੀਤਾ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਲੀਕੇਜ ਹੈ ਅੱਗੇ ਤੋਂ ਅੱਗੇ ਹੁੰਦੀ ਰਹਿੰਦੀ ਹੈ ਇਸਦਾ ਨਹੀਂ ਪਤਾ ਲੱਗਦਾ ।
- Download Babushahi App
-
-