ਡਿਪਟੀ ਕਮਿਸ਼ਨਰ ਬਠਿੰਡਾ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਸੌਂਪੇ 1 ਲੱਖ 13 ਹਜ਼ਾਰ ਰੁਪਏ ਦੇ ਚੈੱਕ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2025: ਡੀਸੀ ਸ਼੍ਰੀ ਰਾਜੇਸ਼ ਧੀਮਾਨ ਨੂੰ ਪੰਜਾਬ ਵਿੱਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮਦਦ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਲਈ ਹਿੰਦੂ ਮਹਾਂਗਠਬੰਧਨ, ਵਪਾਰ ਮੰਡਲ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਵਲੋਂ 1 ਲੱਖ 13 ਹਜ਼ਾਰ ਰੁਪਏ ਦੇ ਤਿੰਨ ਚੈੱਕ, ਜਿਸ ਵਿੱਚ ਹਿੰਦੂ ਮਹਾਂਗਠਬੰਧਨ ਨੇ 51 ਹਜ਼ਾਰ, ਵਪਾਰ ਮੰਡਲ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਵਲੋਂ 31-31 ਹਜ਼ਾਰ ਰੁਪਏ ਦੇ ਚੈੱਕ ਮਦਦ ਲਈ ਭੇਂਟ ਕੀਤੇ ਗਏ।
ਇਸ ਦੌਰਾਨ ਡੀਸੀ ਨੇ ਹਿੰਦੂ ਮਹਾਂਗਠਬੰਧਨ, ਵਪਾਰ ਮੰਡਲ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਨੇਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਡੀਸੀ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਸਾਡੀਆਂ ਐਸੋਸ਼ੀਏਸ਼ਨਾਂ ਵਲੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ ਲੋੜ ਅਨੁਸਾਰ ਭਵਿੱਖ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਸੁੱਕੇ ਰਾਸ਼ਨ, ਪੀਣ ਵਾਲੇ ਪਾਣੀ ਅਤੇ ਤਰਪਾਲਾਂ ਤੋਂ ਇਲਾਵਾ ਪਸ਼ੂਆਂ ਲਈ ਚਾਰੇ ਆਦਿ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਹਿੰਦੂ ਮਹਾਂਗਠਬੰਧਨ ਦੇ ਨੈਸ਼ਨਲ ਪ੍ਰਧਾਨ ਸ਼੍ਰੀ ਸੰਦੀਪ ਪਾਠਕ, ਵਪਾਰ ਮੰਡਲ ਦੇ ਸਟੇਟ ਪ੍ਰਧਾਨ ਸ਼੍ਰੀ ਅਮਿੱਤ ਗੋਇਲ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਸਟੇਟ ਪ੍ਰਧਾਨ ਸ਼੍ਰੀ ਰਜਨੀਸ਼ ਗਰਗ ਆਦਿ ਹਾਜ਼ਰ ਸਨ।