ਟੌਰੰਗੇ ’ਚ ਪੰਜਾਬੀ ਭਾਸ਼ਾ ਹਫ਼ਤਾ
ਖਾਲਸਾ ਸਕੂਲ ਦੇ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀ ਅਤੇ ਪੰਜਾਬੀ ਮਾਂ ਬੋਲੀ ਉਤੇ ਕੀਤੀਆਂ ਪੇਸ਼ਕਾਰੀਆਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਨਵੰਬਰ 2025-ਨਿਊਜ਼ੀਲੈਂਡ ਵਿੱਚ ‘ਛੇਵੇਂ ਪੰਜਾਬੀ ਭਾਸ਼ਾ ਹਫ਼ਤੇ’ ਦੇ ਸਮਾਗਮਾਂ ਦੀ ਲੜੀ ਤਹਿਤ ਬੀਤੇ ਦਿਨ ਟੌਰੰਗਾ ਵਿਖੇ ਵੀ ਪੰਜਾਬੀ ਭਾਸ਼ਾ ਹਫ਼ਤਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਈ, ਜਿਸ ਵਿੱਚ ਬੱਚਿਆਂ ਨੇ ਕਵਿਤਾ, ਕਵੀਸ਼ਰੀ ਅਤੇ ਪੰਜਾਬੀ ਭਾਸ਼ਾ ਸਬੰਧੀ ਗੱਲਾਂ-ਬਾਤਾਂ ਸੁਣਾ ਕੇ ਆਪਣੀ ਮਾਤ ਭਾਸ਼ਾ ਨਾਲ ਜੁੜੇ ਹੋਣ ਦਾ ਸਬੂਤ ਦਿੱਤਾ। ਖ਼ਾਸ ਗੱਲ ਇਹ ਸੀ ਕਿ ਬੱਚਿਆਂ ਦੇ ਮਾਪੇ ਅਤੇ ਹੋਰ ਦਰਸ਼ਕ ਪੰਜਾਬੀ ਪਹਿਰਾਵੇ ਵਿੱਚ ਬਹੁਤ ਜੱਚ ਰਹੇ ਸਨ। ਪੰਜਾਬੀ ਮਾਹੌਲ ਸਿਰਜਣ ਲਈ ਸੱਭਿਆਚਾਰਕ ਵਸਤਾਂ ਅਤੇ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ ਸੀ। ਇਹ ਸਫ਼ਲ ਪ੍ਰੋਗਰਾਮ ਕਲਗੀਧਰ ਖਾਲਸਾ ਸਕੂਲ ਟੌਰੰਗਾ ਅਤੇ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਾਂਝੇ ਉੱਦਮ ਸਦਕਾ ਸੰਭਵ ਹੋਇਆ। ਸਮਾਗਮ ਉਪਰੰਤ ਕਲਗੀਧਰ ਖਾਲਸਾ ਸਕੂਲ ਦੀ ਪ੍ਰਿੰਸੀਪਲ ਬੀਬੀ ਰਘਬੀਰ ਕੌਰ ਅਤੇ ਬੀਬੀ ਹਰਜੀਤ ਕੌਰ (ਸਟੇਜ ਸੰਚਾਲਕ) ਨੇ ਸਾਰੇ ਅਧਿਆਪਕਾਂ ਅਤੇ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਦਾ ਧੰਨਵਾਦ ਕੀਤਾ। ਆਏ ਹੋਏ ਸਾਰੇ ਮਹਿਮਾਨਾਂ ਲਈ ਚਾਹ-ਪਾਣੀ ਅਤੇ ਦੁਪਹਿਰ ਦੇ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸ. ਰਣਜੀਤ ਸਿੰਘ ਨੇ ਬੇਅ ਆਫ ਪਲੈਂਟੀ ਵੱਲੋਂ ਸਾਰੇ ਅਧਿਆਪਕਾਂ, ਬੱਚਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਆਖ਼ਰ ਵਿੱਚ ਦੱਸਿਆ ਗਿਆ ਕਿ ਅਗਲੇ ਸਾਲ ਇਹ ਹਫ਼ਤਾ ਫਿਰ ਵੱਡੇ ਪੱਧਰ ਉੱਤੇ ਮਨਾਇਆ ਜਾਵੇਗਾ।