ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਨਵਜੋਤ ਕੌਰ ਵੱਲੋਂ SIR ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਅਚਨਚੇਤ ਨਿਰੀਖਣ
ਹੁਣ ਤੱਕ 70.89% ਗਣਨਾ ਫਾਰਮਾਂ ਨੂੰ ਕੀਤਾ ਗਿਆ ਡਿਜੀਟਾਈਜ
ਜ਼ਿਲ੍ਹਾ ਚੋਣ ਅਫਸਰ ਨੇ ਬੀ.ਐਲ.ਓਜ ਦੀ ਹੌਸਲਾ ਅਫਜਾਈ ਕੀਤੀ
24 ਜੁਲਾਈ ਤੱਕ ਘਰ ਘਰ ਜਾ ਕੇ ਗਣਨਾ ਫਾਰਮ ਵੰਡਣ ਤੇ ਭਰਨ ਦਾ ਕੰਮ ਰਹੇਗਾ ਜਾਰੀ, ਵੋਟਰਾਂ ਨੂੰ ਭਰੇ ਫਾਰਮ ਜਮ੍ਹਾ ਕਰਵਾਉਣ ਦੀ ਅਪੀਲ
ਅਸ਼ੋਕ ਵਰਮਾ
ਮਾਨਸਾ, 13 ਜੁਲਾਈ 2026: ਮਾਨਸਾ ਜ਼ਿਲ੍ਹੇ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਵੋਟਰ ਸੂਚੀਆਂ ਦੀ ਗਹਿਰੀ ਸੁਧਾਈ) ਮੁਹਿੰਮ ਤਹਿਤ ਲਗਾਏ ਗਏ ਦੋ ਰੋਜ਼ਾ ਵਿਸ਼ੇਸ਼ ਕੈਂਪਾਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਇਸ ਕੈਂਪ ਦਾ ਸਮਾਂ ਇੱਕ ਦਿਨ ਹੋਰ ਵਧਾਉਂਦੇ ਹੋਏ ਅੱਜ 13 ਜੁਲਾਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਗਏ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਇਲੈਕਟੋਰਲ ਰਜਿਸਟਰੇਸ਼ਨ ਅਫ਼ਸਰ (ਈ.ਆਰ.ਓ.) ਮਾਨਸਾ ਬਲਜੀਤ ਕੌਰ ਸਮੇਤ ਵੱਖ-ਵੱਖ ਪੋਲਿੰਗ ਬੂਥਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਵਿੱਚ ਜੁਟੇ ਬੂਥ ਲੈਵਲ ਅਫ਼ਸਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 10 ਜੁਲਾਈ ਤੱਕ ਜ਼ਿਲ੍ਹਾ ਮਾਨਸਾ ਵਿੱਚ ਮਹਿਜ਼ 47.57% ਗਣਨਾ ਫਾਰਮ ਹੀ ਡਿਜੀਟਾਈਜ਼ ਕੀਤੇ ਗਏ ਸਨ ਪਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ 11 ਅਤੇ 12 ਜੁਲਾਈ ਨੂੰ ਲਗਾਏ ਗਏ ਵਿਸ਼ੇਸ਼ ਕੈਂਪਾਂ ਸਦਕਾ ਇਸ ਪ੍ਰਤੀਸ਼ਤਤਾ ਵਿੱਚ 17.41% ਦਾ ਵੱਡਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਕੁਲ ਪ੍ਰਤੀਸ਼ਤਤਾ 64.98% ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ 13 ਜੁਲਾਈ ਨੂੰ ਇੱਕ ਦਿਨ ਦੇ ਕੈਂਪ ਸਦਕਾ ਇਸ ਵਿੱਚ ਕਰੀਬ 10% ਹੋਰ ਵਾਧਾ ਹੋਇਆ ਹੈ ਅਤੇ ਫ਼ੀਸਦ ਦਰ 70.89 ਉਤੇ ਪੁੱਜ ਗਈ ਹੈ।
ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਯੋਗ ਨਾਗਰਿਕਾਂ ਨੇ ਹਾਲੇ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ, ਉਹ ਆਪਣੇ ਬੂਥ ਲੈਵਲ ਅਫਸਰ ਨਾਲ ਤਾਲਮੇਲ ਕਰਕੇ ਗਣਨਾ ਫਾਰਮ ਤਰਜੀਹ ਦੇ ਅਧਾਰ ਉੱਤੇ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਅਫਸਰਾਂ ਲਈ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ, ਭਰਨ ਅਤੇ ਉਨ੍ਹਾਂ ਨੂੰ ਇਕੱਤਰ ਕਰਕੇ ਡਿਜੀਟਾਈਜ਼ੇਸ਼ਨ ਕਰਨ ਦੀ ਅੰਤਿਮ ਤਾਰੀਖ, 24 ਜੁਲਾਈ ਨਿਰਧਾਰਤ ਕੀਤੀ ਗਈ ਹੈ।
- Download Babushahi App
-
-