ਛਤਰਪਤੀ ਕਤਲ : ਰਾਮ ਰਹੀਮ ਨੂੰ ਬਰੀ ਕਰਨ ਤੋਂ ਬਾਅਦ ਡੇਰਾ ਹਲਕਿਆਂ ’ਚ ਖੁਸ਼ੀ ਦਾ ਮਹੌਲ
ਅਸ਼ੋਕ ਵਰਮਾ
ਬਠਿੰਡਾ , 7 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਰੀ ਕਰਨ ਤੋਂ ਬਾਅਦ ਡੇਰਾ ਪੈਰੋਕਾਰਾਂ ’ਚ ਖੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ। ਹਾਲਾਂਕਿ ਡੇਰਾ ਪ੍ਰੇਮੀ ਇਸ ਸਬੰਧ ’ਚ ਕੋਈ ਜਸ਼ਨ ਵਗੈਰਾ ਮਨਾਉਣ ਤੋਂ ਤਾਂ ਦੂਰ ਨਜ਼ਰ ਆਏ ਪਰ ਨਿੱਜੀ ਤੌਰ ’ਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਵੀ ਕਈ ਡੇਰਾ ਸ਼ਰਧਾਲੂਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਕਿਸੇ ਨੂੰ ਕਤਲ ਕਰਵਾਉਣਾ ਤਾਂ ਦੂਰ ਦੀ ਗੱਲ ਹੈ ਬਲਕਿ ਉਹ ਤਾਂ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਡੇਰਾ ਮੁਖੀ ਨੂੰ ਇੱਕ ਡੂੰਘੀ ਸਾਜਿਸ਼ ਤਹਿਤ ਫਸਾਇਆ ਗਿਆ ਸੀ।
ਇਸ ਕਤਲ ਸਬੰਧੀ ਸਾਹਮਣੇ ਆਈ ਜਾਣਕਾਰੀ ਮੁਤਾਬਕ ਛਤਰਪਤੀ ਹੱਤਿਆ ਮਾਮਲੇ ’ਚ ਸੀਬੀਆਈ ਹਾਈਕੋਰਟ ਵੱਲੋਂ ਮੰਗੇ ਗਏ ਸਬੂਤ ਪੇਸ਼ ਕਰਨ ’ਚ ਅਸਫਲ ਰਹੀ ਹੈ। ਡੇਰਾ ਮੁਖੀ ਦੇ ਵਕੀਲ ਨੇ ਤਰਕ ਦਿੱਤਾ ਕਿ ਰਾਮ ਰਹੀਮ ਨੂੰ ਸਿਰਫ ਇਸ ਅਧਾਰ ’ਤੇ ਦੋਸ਼ੀ ਠਹਿਰਾਇਆ ਗਿਆ ਸੀ ਕਿ ਉਹ ਪੱਤਰਕਾਰ ਰਾਮਚੰਦਰ ਛਤਰਪਤੀ ਨਾਲ ਨਿੱਜੀ ਰੰਜਿਸ਼ ਰੱਖਦਾ ਸੀ। ਮ੍ਰਿਤਕ ਪੱਤਰਕਾਰ ਛਤਰਪਤੀ ‘ਪੂਰਾ ਸੱਚ’ ਨਾਮੀ ਸ਼ਾਮ ਦੇ ਅਖਬਾਰ ਦਾ ਪ੍ਰਕਾਸ਼ਨ ਕਰਦਾ ਸੀ ਜਿਸ ਵੱਲੋਂ ਡੇਰਾ ਸੱਚਾ ਸੌਦਾ ਖਿਲਾਫ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸੀ। ਵਕੀਲ ਨੇ ਦੱਸਿਆ ਕਿ ਸੀਬੀਆਈ ਇੱਕ ਵੀ ਅਜਿਹਾ ਸਬੂਤ ਨਹੀਂ ਪੇਸ਼ ਕਰ ਸਕੀ ਕਿ ਰਾਮ ਰਹੀਮ ਨੇ ਕਦੇ ਰਾਮਚੰਦਰ ਛਤਰਪਤੀ ਦਾ ਅਖਬਾਰ ਪੜ੍ਹਿਆ ਸੀ ਜਾਂ ਨਹੀਂ। ਛਤਰਪਤੀ ਆਪਣੇ ਅਖਬਾਰ ’ਚ ਉਹੀ ਖਬਰਾਂ ਛਾਪਦਾ ਸੀ ਜੋ ਸਵੇਰ ਦੇ ਅਖਬਾਰਾਂ ’ਚ ਪਹਿਲਾਂ ਛਪ ਚੁੱਕੀਆਂ ਹੁੰਦੀਆਂ ਸਨ। ਇਸ ਲਈ ਅਪੀਲਕਰਤਾ ਵੱਲੋਂ ਛਤਰਪਤੀ ਨਾਲ ਨਿੱਜੀ ਰੰਜਿਸ਼ ਰੱਖਣ ਦਾ ਸਵਾਲ ਹੀ ਨਹੀਂ ਹੈ।
ਇਸ ਮਾਮਲੇ ’ਚ ਸਭ ਤੋਂ ਅਹਿਮ ਸਬੂਤ ਮੰਨੀ ਜਾ ਰਹੀ ਸੀਲਬੰਦ ਗੋਲੀ ਦੀ ਫੌਰੈਂਸਿਕ ਜਾਂਚ ਅਤੇ ਉਸ ’ਤੇ ਦਸਤਖਤ ਨਾਂ ਹੋਣ ਵਰਗੇ ਪਹਿਲੂਆਂ ’ਤੇ ਵੀ ਅਦਾਲਤ ਨੇ ਸਵਾਲ ਚੁੱਕੇ ਹਨ। ਹਾਈਕੋਰਟ ਦੇ ਚੀਫ ਜਸਟਿਸ ਸ਼ੀਲੂ ਨਾਗੂ ਅਤੇ ਜਸਟਿਸ ਵਿਕ੍ਰਮ ਅਗਰਵਾਲ ਦੇ ਬੈਂਚ ਕੋਲ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਪੋਸਟਮਾਰਟਮ ਦੌਰਾਨ ਛਤਰਪਤੀ ਦੇ ਸਰੀਰ ਚੋਂ ਨਿਕਲੀ ਗੋਲੀ ਸੀਲਬੰਦ ਕੀਤੀ ਸੀ ਜੋ ਅਦਾਲਤ ’ਚ ਖੋਹਲੇ ਜਾਣ ਤੱਕ ਸੀਲਬੰਦ ਰਹੀ । ਇਸ ਤੋਂ ਸਵਾਲ ਉਠਦਾ ਹੈ ਕਿ ਜਦੋਂ ਸੀਲਬੰਦ ਡੱਬਾ ਖੁੱਲਿ੍ਹਆ ਨਹੀਂ ਤਾਂ ਫੌਰੈਂਸਿਕ ਮਾਹਿਰ ਨੇ ਜਾਂਚ ਅਤੇ ਦਸਤਖਤ ਕਦੋਂ ਕੀਤੇ। ਅਦਾਲਤ ਵੱਲੋਂ ਉਸ ਗੋਲੀ ਨੂੰ ਦੇਖਣ ’ਤੇ ਫੌਰੈਂਸਿਕ ਮਾਹਿਰ ਦੇ ਨਿਸ਼ਾਨ ਅਤੇ ਦਸਤਖਤ ਨਜ਼ਰ ਨਹੀਂ ਆਏ। ਇਸ ਤੋਂ ਅਦਾਲਤ ਲਈ ਉਸ ਗੋਲੀ ਨੂੰ ਉਹੀ ਅਸਲੀ ਮੰਨਣਾ ਮੁਸ਼ਕਿਲ ਹੋ ਗਿਆ ਜੋ ਪੱਤਰਕਾਰ ਦੇ ਸ਼ਰੀਰ ਚੋਂ ਨਿਕਲੀ ਸੀ। ਇਸ ਤਰਾਂ ਫੈਰੈਂਸਿਕ ਜਾਂਚ ਹੀ ਸ਼ੱਕ ਦੇ ਘੇਰੇ ’ਚ ਆ ਗਈ।
ਖੱਟਾ ਸਿੰਘ ਦੇ ਬਿਆਨ ਵੀ ਬਣੇ ਅਧਾਰ
ਅਦਾਲਤ ਨੇ ਰਾਮ ਰਹੀਮ ਦੇ ਡਰਾਈਵਰ ਖੱਟਾ ਸਿੰਘ ਵੱਲੋਂ ਵਾਰ ਵਾਰ ਬਿਆਨ ਬਦਲਣ ਦਾ ਜਿਕਰ ਵੀ ਕੀਤਾ ਹੈ। ਖੱਟਾ ਸਿੰਘ ਨੇ 2007 ’ਚ ਸੀਬੀਆਈ ਨੂੰ ਬਿਆਨ ਦਿੱਤਾ ਸੀ ਕਿ ਇਸ ਕਤਲ ਦੀ ਸਾਜਿਸ਼ ਉਸ ਦੇ ਸਾਹਮਣੇ ਸਾਜਿਸ਼ ਘੜੀ ਗਈ ਸੀ ਜਦੋਂਕਿ ਇਹੋ ਖੱਟਾ ਸਿੰਘ 2012 ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਕੋਲ ਆਪਣੇ ਬਿਆਨ ਤੋਂ ਮੁੱਕਰ ਗਿਆ। ਅਗਸਤ 2017 ’ਚ ਰਾਮ ਰਹੀਮ ਨੂੰ ਸਜ਼ਾ ਹੋਣ ਤੋ ਬਾਅਦ 2018 ’ਚ ਇੱਕ ਵਾਰ ਫਿਰ ਸਾਹਮਣੇ ਆਏ ਖੱਟਾ ਸਿੰਘ ਨੇ ਕਿਹਾ ਕਿ ਉਹ ਡਰਦਾ ਮਾਰਾ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ। ਇਸ ਪ੍ਰਕਿਰਿਆ ’ਤੇ ਅਦਾਲਤ ਨੇ ਕਿਹਾ ਕਿ ਅਜਿਹੇ ਗਵਾਹ ਦੀ ਗਵਾਹੀ ’ਤੇ ਫੈਸਲਾ ਨਹੀਂ ਦਿੱਤਾ ਜਾ ਸਕਦਾ ਹੈ।
ਜਾਂਚ ਦੀ ਲੜੀ ਟੁੱਟਣ ਕਾਰਨ ਬਰੀ
ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਨੂੰਨ ਦਾ ਸਿਧਾਂਤ ਹੈ ਕਿ ਜਦੋਂ ਤੱਕ ਦੋਸ਼ ਸ਼ੱਕ ਤੋਂ ਪਾਸੇ ਨਾਂ ਸਾਬਤ ਹੋਵੇ ਤਾਂ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਮਾਮਲੇ ’ਚ ਪਹਿਲੇ ਚਲਾਨ ’ਚ ਨਾਮ ਨਾਂ ਹੋਣਾ ,ਗਵਾਹਾਂ ਦੇ ਬਿਆਨਾਂ ’ਚ ਬਦਲਾਅ ਅਤੇ ਫੌਰੈਂਸਿਕ ਸਬੂਤਾਂ ’ਚ ਗੜਬੜ ਨੇ ਕੇਸ ਨੂੰ ਕੰਮਜੋਰ ਕਰ ਦਿੱਤਾ। ਇਸੇ ਸ਼ੱਕ ਦੇ ਲਾਭ ਕਾਰਨ ਹਾਈਕੋਰਟ ਨੇ ਰਾਮ ਰਹੀਮ ਨੂੰ ਬਰੀ ਕੀਤਾ ਗਿਆ ਹੈ।
ਛਤਰਪਤੀ ਕਤਲ ਮਾਮਲਾ
ਦੱਸ ਦੇਈਏ ਕਿ 24 ਅਕਤੂਬਰ 2002 ਨੂੰ ਸਿਰਸਾ ਵਿਖੇ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ ਘਰ ਤੋਂ ਬਾਹਰ ਸੱਦ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਖਮੀ ਛਤਰਪਤੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ 21 ਨਵੰਬਰ 2002 ਨੂੰ ਉਸ ਦੀ ਮੌਤ ਹੋ ਗਈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕਤਲ ਮਾਮਲੇ ’ਚ ਡੇਰਾ ਮੁਖੀ ਨੂੰ ਜਨਵਰੀ 2019 ’ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ ਹਾਈਕੋਰਟ ਨੇ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ ਜਦੋਂਕਿ ਬਾਕੀ ਤਿੰਨਾਂ ਦੀ ਸਜ਼ਾ ਬਹਾਲ ਰੱਖੀ ਹੈ। ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਮੁਖੀ ਇਸ ਵਕਤ ਇੱਕ ਹੋਰ ਮਾਮਲੇ ’ਚ ਸ਼ਜਾ ਭੁਗਤ ਰਹੇ ਹਨ।
Click to Follow Babushahi Facebook page →