ਗੁਰਦਾਸਪੁਰ: ਪਸ਼ੂਆਂ ਦੇ ਵਾੜੇ ਨੂੰ ਲੱਗੀ ਅੱਗ, 7 ਗਾਵਾਂ ਝੁਲਸੀਆਂ- ਦੋ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 9 ਜੂਨ 2025- ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਛੀਨਾ ਬੇਟ ਤੋਂ ਅੱਜ ਸਵੇਰੇ 7 ਗਾਵਾਂ ਅੱਗ ਚ ਝੁਲਸ ਜਾਣ ਦੀ ਦਰਦਨਾਕ ਖਬਰ ਮਿਲੀ ਹੈ । ਇਹਨਾਂ ਵਿੱਚ ਇੱਕ ਦੁਧਾਰੂ ਗਾਂ ਨਵਜੰਮੀ ਵਛੜੀ ਵੀ ਸ਼ਾਮਿਲ ਸੀ ਜਿਨਾਂ ਦੀ ਤੜਫ ਤੜਫ ਕੇ ਮੌਤ ਹੋ ਗਈ। ਪੀੜਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਅਤੇ ਪਿੰਡ ਵਾਸੀਆ ਦੱਸਿਆ ਕਿ ਉਸ ਦੀ ਛੀਨਾ ਬੇਟ ਦੇ ਬਾਹਰ ਖੇਤਾਂ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ।ਅੰਦਰ ਅੱਧੀ ਦਰਜਨ ਤੋਂ ਵਧੇਰੇ ਦੁਧਾਰੂ ਗਾਵਾਂ ਬੰਨੀਆਂ ਹੋਈਆਂ ਸਾਨੂੰ ਅਤੇ ਸਵੇਰੇ 9:30 ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਉਹਨਾਂ ਦੀ ਹਵੇਲੀ ਚ ਅੱਗ ਦੇ ਭਾਂਬੜ ਮੱਚ ਰਹੇ ਹਨ। ਜਦੋਂ ਤੱਕ ਪਿੰਡ ਵਾਸੀਆਂ ਵੱਲੋਂ ਜੱਦੋਜਹਿਦ ਕਰਕੇ ਬਾਕੀ ਗਾਵਾਂ ਦੇ ਰੱਸੇ ਵਗੈਰਾ ਖੋਲ ਦਿੱਤੇ ਗਏ ਉਦੋਂ ਤੱਕ ਇੱਕ ਨਵਜੰਮੀ ਬਛੜੀ ਅਤੇ ਦਧਾਰੂ ਗਾਂ ਝੁਲਸ ਕੇ ਮਰ ਚੁੱਕੀ ਸੀ।
ਸਤਨਾਮ ਸਿੰਘ ਨੇ ਦੱਸਿਆ ਕਿ ਬੇਸ਼ਕ ਬਾਕੀ ਗਾਵਾਂ ਦੇ ਰੱਸੇ ਵਗੈਰਾ ਖੋਲ ਕੇ ਅਤੇ ਜਲਦੀ ਅੱਗ ਚੋਂ ਲੋਕਾਂ ਵੱਲੋਂ ਕਿੱਲੇ ਪੁੱਟ ਕੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਾਕੀ ਗਾਵਾਂ ਵੀ ਅੱਗ ਚ ਝੁਲਸ ਜਾਣ ਕਾਰਨ ਗੰਭੀਰ ਹਾਲਤ ਵਿੱਚ ਹਨ। ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਤਾਜ਼ੀ ਸੂਈ ਗਾਂ ਤਿੰਨ ਦਿਨ ਪਹਿਲਾਂ ਹੀ 50 ਹਜਾਰ ਰੁਪਏ ਵਿਚ ਖਰੀਦੀ ਸੀ ਅਤੇ ਅੱਜ ਸਵੇਰੇ ਤੜਕਸਾਰ ਉਹ ਸੂ ਪਈ ਸੀ ਜਿਸ ਨੇ ਇੱਕ ਵਛੜੀ ਨੂੰ ਜਨਮ ਦਿੱਤਾ । ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੀੜਿਤ ਨੇ ਇਹ ਵੀ ਦੱਸਿਆ ਕਿ ਪਸ਼ੂਆਂ ਦੇ ਚਾਰੇ ਲਈ ਹਵੇਲੀ ਨਾਲ ਲੱਗਦਾ ਤੂੜੀ ਵਾਲਾ ਮੂਸਲ ਪਰਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਕੀਮਤੀ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ। ਪੀੜਤ ਕਿਸਾਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੀ ਚ ਪਸ਼ੂ ਪਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ਤੇ ਮਦਦ ਦੀ ਗੁਹਾਰ ਲਗਾਈ ਹੈ।