ਗ਼ਰੀਬਾਂ ਦੀ ਥਾਲੀ 'ਚ ਧੋਖਾ - 'ਮੇਰੀ ਰਸੋਈ' ਸਿਰਫ਼ ਚੋਣ ਸਟੰਟ: ਢਿੱਲੋਂ
ਚੰਡੀਗੜ੍ਹ, 4 ਜੁਲਾਈ 2026- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 'ਆਪ' ਸਰਕਾਰ ਦੀ "ਮੇਰੀ ਰਸੋਈ ਯੋਜਨਾ" ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਸਕੀਮ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਵੱਡਾ ਮਜ਼ਾਕ ਸਾਬਤ ਹੋਈ ਹੈ।
ਢਿੱਲੋਂ ਨੇ ਕਿਹਾ ਕਿ ਫਰਵਰੀ ਦੇ ਬਜਟ ਵਿੱਚ ਵੱਡੇ-ਵੱਡੇ ਦਾਅਵੇ ਕਰਕੇ ਐਲਾਨੀ ਗਈ ਇਸ ਯੋਜਨਾ ਦੀ ਹਕੀਕਤ ਹੈਰਾਨ ਕਰਨ ਵਾਲੀ ਹੈ। ਜਿਸ ਵਿੱਚ ਹਰ 90 ਦਿਨਾਂ ਵਿੱਚ ਇੱਕ ਪਰਿਵਾਰ ਨੂੰ ਸਿਰਫ਼ 2 ਕਿਲੋ ਦਾਲ, 2 ਕਿਲੋ ਖੰਡ, 1 ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਅਤੇ 1 ਕਿਲੋ ਨਮਕ ਮਿਲੇਗਾ। ਜੇ ਔਸਤਨ 4 ਜੀਆਂ ਦੇ ਪਰਿਵਾਰ ਦਾ ਹਿਸਾਬ ਲਾਈਏ ਤਾਂ ਇੱਕ ਬੰਦੇ ਨੂੰ 90 ਦਿਨਾਂ ਲਈ ਮਸਾਂ 500 ਗ੍ਰਾਮ ਦਾਲ, 500 ਗ੍ਰਾਮ ਖੰਡ, 250 ਮਿਲੀਲੀਟਰ ਤੇਲ, 50 ਗ੍ਰਾਮ ਹਲਦੀ ਅਤੇ 250 ਗ੍ਰਾਮ ਨਮਕ ਮਿਲਦਾ ਹੈ। ਯਾਨੀ ਦਿਨ ਵਿੱਚ ਸਿਰਫ਼ 5-6 ਗ੍ਰਾਮ ਦਾਲ ਤੇ ਗਿਣਤੀ ਦੇ ਖੰਡ ਦੇ ਦਾਣੇ। ਕੀ ਇਹ ਕਿਸੇ ਬੱਚੇ ਦਾ ਪੇਟ ਭਰ ਸਕਦੀ ਹੈ, ਜਾਂ ਸਿਰਫ਼ ਫੋਟੋ-ਸ਼ੂਟ ਦਾ ਸਾਧਨ ਹੈ?
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਖੁਦ ਇਸਨੂੰ ਦੇਸ਼ ਦੀ ਸਭ ਤੋਂ ਵੱਡੀ ਪੋਸ਼ਣ ਸਕੀਮ ਦੱਸ ਰਹੀ ਹੈ, ਪਰ 40 ਲੱਖ ਪਰਿਵਾਰਾਂ ਲਈ ਸਿਰਫ਼ 900 ਕਰੋੜ ਰੁਪਏ ਰੱਖੇ ਗਏ ਹਨ। ਭਾਵ ਪ੍ਰਤੀ ਪਰਿਵਾਰ ਸਾਲਾਨਾ ਸਿਰਫ਼ 2,250 ਰੁਪਏ ਹੀ ਰੱਖੇ ਗਏ ਹਨ। ਇਸਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਲਾਭ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 60,000 ਰੁਪਏ ਤੋਂ ਘੱਟ ਹੈ, ਯਾਨੀ ਮਹੀਨੇ ਦੀ 5,000 ਤੋਂ ਵੀ ਘੱਟ ਆਮਦਨ ਵਾਲੇ। ਇੰਨੀ ਸਖ਼ਤ ਸ਼ਰਤ ਲਗਾ ਕੇ ਸਰਕਾਰ ਨੇ ਲੱਖਾਂ ਲੋੜਵੰਦ ਪਰਿਵਾਰਾਂ ਨੂੰ ਪਹਿਲਾਂ ਹੀ ਬਾਹਰ ਕਰ ਦਿੱਤਾ ਹੈ।
ਸੂਬਾ ਪ੍ਰਧਾਨ ਨੇ 'ਆਪ' ਸਰਕਾਰ 'ਤੇ ਪੁਰਾਣੀਆਂ ਯੋਜਨਾਵਾਂ ਦੇ ਹਵਾਲੇ ਨਾਲ ਵੀ ਨਿਸ਼ਾਨਾ ਸਾਧਿਆ ਕਿ ਇਸ ਤੋਂ ਪਹਿਲਾਂ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਸਾਢੇ ਚਾਰ ਸਾਲ ਲਟਕਾਇਆ ਗਿਆ ਅਤੇ ਚੋਣਾਂ ਨੇੜੇ ਆਉਂਦਿਆਂ ਹੀ ਸ਼ਰਤਾਂ ਲਗਾ ਕੇ ਲਾਗੂ ਕੀਤਾ ਗਿਆ। ਹੁਣ ਉਸੇ ਪੈਟਰਨ 'ਤੇ 'ਮੇਰੀ ਰਸੋਈ' ਦਾ ਡਰਾਮਾ ਖੜ੍ਹਾ ਕੀਤਾ ਗਿਆ ਹੈ।
ਉਹਨਾਂ ਕਿਹਾ 'ਆਪ' ਸਰਕਾਰ ਕੋਲ ਨਾ ਵਿਜ਼ਨ ਹੈ, ਨਾ ਨੀਅਤ, ਸਿਰਫ਼ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਰਣਨੀਤੀ ਹੈ। ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਕਰਜ਼ਾ ਤੇ ਕਰਜ਼ਾ ਚੁੱਕ ਕੇ ਇਹ ਥੋੜ੍ਹੀਆਂ-ਥੋੜ੍ਹੀਆਂ ਸੌਗਾਤਾਂ ਅਸਲ ਰਾਹਤ ਨਹੀਂ, ਸਗੋਂ 2027 ਤੋਂ ਪਹਿਲਾਂ ਵੋਟਾਂ ਖਰੀਦਣ ਦਾ ਹੱਥਕੰਡਾ ਹਨ। ਭਾਜਪਾ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਦੇ ਇਸ ਚੋਣ ਸਟੰਟ ਦਾ ਪਰਦਾਫਾਸ਼ ਕਰਦੀ ਰਹੇਗੀ।
- Download Babushahi App
-
-