ਖੇਡਾਂ ਵਤਨ ਪੰਜਾਬ ਦੀਆਂ’ :ਹਾਕੀ ਦੇ ਅੰਡਰ-14 ’ਚ ਜਲੰਧਰ ਤੇ ਅੰਡਰ-17 ’ਚ ਮੋਹਾਲੀ ਬਣੇ ਜੇਤੂ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2026 : ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਰਾਜ ਪੱਧਰੀ ਹਾਕੀ ਮੁਕਾਬਲੇ ਬਠਿੰਡਾ ਦੀ ਹਾਕੀ ਟਰਫ਼ ਅਤੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ।ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ- ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਚੱਲ ਰਹੇ ਇਨ੍ਹਾਂ ਮੁਕਾਬਲਿਆਂ ਦੇ ਸੱਤਵੇਂ ਦਿਨ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ।
ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਗਾ ਨੇ ਗੁਰਦਾਸਪੁਰ ਨੂੰ 1-0 ਨਾਲ ਹਰਾਇਆ, ਜਦਕਿ ਮੋਹਾਲੀ ਨੇ ਅੰਮ੍ਰਿਤਸਰ ਨੂੰ 3-1 ਨਾਲ ਮਾਤ ਦਿੱਤੀ। ਇਸ ਮੁਕਾਬਲੇ ਦੌਰਾਨ ਸੰਗਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅੰਡਰ-17 ਲੜਕਿਆਂ ਵਿੱਚ ਮੋਹਾਲੀ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਮੋਗਾ ਨੇ ਤੀਜਾ ਅਤੇ ਗੁਰਦਾਸਪੁਰ ਨੇ ਚੌਥਾ ਸਥਾਨ ਹਾਸਲ ਕੀਤਾ।
ਅੰਡਰ-14 ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਪਹਿਲਾ ਸਥਾਨ, ਅੰਮ੍ਰਿਤਸਰ ਨੇ ਦੂਜਾ, ਮੋਹਾਲੀ ਨੇ ਤੀਜਾ ਅਤੇ ਸ਼ਹੀਦ ਭਗਤ ਸਿੰਘ ਨਗਰ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਖਿਡਾਰੀਆਂ ਵੱਲੋਂ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਆਪਣੀ ਖੇਡ ਦੇ ਜੌਹਰ ਦਿਖਾਏ ਗਏ।
ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਾਨਸਾ ਨੇ ਪਟਿਆਲਾ ਨੂੰ 1-0 ਨਾਲ ਹਰਾਇਆ। ਬਠਿੰਡਾ ਨੇ ਮੋਗਾ ਨੂੰ 2-1 ਨਾਲ ਮਾਤ ਦਿੱਤੀ, ਜਦਕਿ ਰੋਪੜ ਨੇ ਮਾਨਸਾ ਨੂੰ 4-0 ਨਾਲ ਹਰਾਇਆ। ਇਸੇ ਵਰਗ ਦੇ ਹੋਰ ਮੁਕਾਬਲਿਆਂ ਵਿੱਚ ਸੰਗਰੂਰ ਨੇ ਐਸ.ਬੀ.ਐਸ. ਨਗਰ ਨੂੰ 3-2 ਨਾਲ ਹਰਾਇਆ ਅਤੇ ਅੰਮ੍ਰਿਤਸਰ ਨੇ ਸੰਗਰੂਰ ਨੂੰ 2-1 ਨਾਲ ਮਾਤ ਦਿੱਤੀ।
ਅੰਡਰ-31 ਤੋਂ 40 ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਨੇ ਬਠਿੰਡਾ ਨੂੰ 1-0 ਨਾਲ ਹਰਾਇਆ। ਮੋਗਾ ਨੇ ਫਰੀਦਕੋਟ ਨੂੰ 2-0 ਨਾਲ ਹਰਾਇਆ, ਜਦਕਿ ਸੰਗਰੂਰ ਨੇ ਮਾਨਸਾ ਨੂੰ 3-2 ਨਾਲ ਮਾਤ ਦਿੱਤੀ।
ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਨਰਿੰਦਰ ਸਿੰਘ, ਸਰਕਾਰੀ ਸਪੋਰਟਸ ਸਕੂਲ ਘੁੱਦਾ ਵੱਲੋਂ ਅੰਡਰ-17 ਲੜਕਿਆਂ ਦੀ ਮੈਡਲ ਸੈਰੇਮਨੀ ਕਰਵਾਈ ਗਈ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਚੱਲ ਰਹੇ ਰਾਜ ਪੱਧਰੀ ਹਾਕੀ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀ ਪੂਰੇ ਜੋਸ਼ ਨਾਲ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਰਾਹੀਂ ਪੰਜਾਬ ਦੀ ਹਾਕੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਮੁਕਾਬਲਿਆਂ ਦੌਰਾਨ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਵੱਲੋਂ ਖਿਡਾਰੀਆਂ ਲਈ ਲੋੜੀਂਦੀਆਂ ਖੇਡ ਸਹੂਲਤਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ।
- Download Babushahi App
-
-