ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ
-ਕਿਸਤੀ ਰਾਹੀਂ ਪਹੁੰਚਾਈ ਰਾਹਤ ਸਮੱਗਰੀ
-ਕਿਹਾ, ਕੋਈ ਵੀ ਲੋੜਵੰਦ ਰਾਹਤ ਤੋਂ ਵਾਂਝਾ ਨਹੀਂ ਰਹੇਗਾ
ਫਾਜ਼ਿਲਕਾ, 6 ਸਤੰਬਰ
ਪੰਚਾਇਤ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਫਾਜ਼ਿਲਕਾ ਜਿਲ਼੍ਹੇ ਵਿਚ ਸਤਲੁਜ ਦੇ ਪਾਣੀ ਵਿਚ ਘਿਰੇ ਪਿੰਡ ਰਾਮ ਸਿੰਘ ਭੈਣੀ ਦਾ ਕਿਸਤੀ ਰਾਹੀਂ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਉਨ੍ਹਾਂ ਤੱਕ ਰਾਹਤ ਸਮੱਗਰੀ ਕਿਸਤੀ ਰਾਹੀਂ ਪੁੱਜਦੀ ਕੀਤੀ। ਇਸ ਮੌਕੇ ਉਨ੍ਹਾਂ ਨੇ ਕਾਂਵਾਂ ਵਾਲੀ ਪੱਤਣ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਲੋੜਵੰਦ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮਾਂ ਲਗਾਤਾਰ ਕਾਰਜਸ਼ੀਲ ਹਨ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਪ੍ਰਧਾਨ ਐਸਸੀ ਵਿੰਗ ਅਤੇ ਚੁਸਪਿੰਦਰ ਸਿੰਘ ਚਾਹਲ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਰਹੇ। ਇਸ ਮੌਕੇ ਉਨ੍ਹਾਂ ਨੇ ਜਿੱਥੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਵਿਖਾਏ ਜਾ ਰਹੇ ਹੌਂਸਲੇ ਦੀ ਸਲਾਘਾ ਕੀਤੀ ਉਥੇ ਹੀ ਉਨ੍ਹਾਂ ਨੇ ਰਾਹਤ ਕੰਮਾਂ ਵਿਚ ਲੱਗੀਆਂ ਟੀਮਾਂ ਦੀ ਵੀ ਹੌਂਸਲਾਂ ਅਫਜਾਈ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਹਰੀਕੇ ਤੋਂ ਪਹਿਲਾਂ ਦੇ ਮੁਕਾਬਲੇ ਪਾਣੀ ਦੀ ਨਿਕਾਸੀ ਵਿਚ ਕਮੀ ਆਈ ਹੈ ਅਤੇ ਇਸਦਾ ਅਸਰ ਹੌਲੀ ਹੌਲੀ ਫਾਜ਼ਿਲਕਾ ਵਿਖੇ ਵੀ ਦਿੱਖਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਨਿਕਲਣ ਤੋਂ ਬਾਅਦ ਕਿਸੇ ਕਿਸਮ ਦੀ ਬਿਮਾਰੀ ਦਾ ਫੈਲਾਅ ਨਾ ਹੋਵੇ ਇਸ ਲਈ ਵੀ ਸਿਹਤ ਵਿਭਾਗ ਨੂੰ ਹੁਣ ਤੋਂ ਤਾਕੀਦ ਕਰ ਦਿੱਤੀ ਗਈ ਹੈ।
ਇਸ ਮੌਕੇ ਉਨ੍ਹਾਂ ਨੇ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਲੈਕੇ ਆਉਣ ਵਾਲੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਵੀਰਪਾਲ ਕੌਰ, ਡੀਐਸਪੀ ਅਵਿਨਾਸ਼ ਚੰਦਰ, ਡੀਡੀਪੀਓ ਨੀਰੂ ਗਰਗ ਵੀ ਹਾਜਰ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਸੱਪ ਦੇ ਡੰਗ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਰਕਾਰ ਪਰਿਵਾਰ ਦੀ ਹਰ ਮਦਦ ਕਰੇਗੀ।