ਕੂੜੇ ਦੀ ਸਮੱਸਿਆ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਧਰਨੇ ਦੀ ਚੇਤਾਵਨੀ, ਈਓ ਨੂੰ ਦਿੱਤਾ ਮੰਗ ਪੱਤਰ
- ਮਸਲਾ ਹੱਲ ਕਰੋ ਵਰਨਾ ਸੋਮਵਾਰ ਤੋਂ ਪੱਕਾ ਧਰਨਾ ਜਾਰੀ
ਦੀਪਕ ਜੈਨ
ਜਗਰਾਓ, 25 ਜੂਨ 2025 - ਜਗਰਾਉਂ ਅੰਦਰ ਵਿਕਰਾਲ ਰੂਪ ਲੈ ਰਹੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਅੱਜ ਨਗਰ ਕੌਂਸਲ ਦੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸਖਤ ਰੁੱਖ ਦਿਖਾਉਂਦਿਆਂ ਹੋਇਆਂ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਚੇਤਾਵਨੀ ਦਿੱਤੀ ਕੀ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਸੜਕਾਂ ਉੱਪਰ ਲੱਗੇ ਹੋਏ ਕੂੜੇ ਦੇ ਢੇਰਾ ਨੂੰ ਚੁਕਵਾ ਕੇ ਕਿਸੇ ਢੁਕਵੀਂ ਥਾਂ ਉਪਰ ਡੰਪ ਕੀਤਾ ਜਾਵੇ।
ਇਸ ਮੌਕੇ ਕਾਰਜ ਸਾਧਕ ਅਫਸਰ ਵੱਲੋਂ ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਕਾਫੀ ਤਕਰਾਰ ਵੀ ਕੀਤੀ ਗਈ ਅਤੇ ਜਦੋਂ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਤੁਸੀਂ ਸਾਨੂੰ ਕੋਈ ਜਗ੍ਹਾ ਲੱਭ ਕੇ ਦਿਓ ਤਾਂ ਵਿਰੋਧੀ ਧਿਰ ਦੇ ਰਵਿੰਦਰ ਕੁਮਾਰ ਸਬਰਵਾਲ ਤੈਸ਼ ਵਿੱਚ ਆ ਗਏ ਅਤੇ ਉਹਨਾਂ ਕਿਹਾ ਕਿ ਨਗਰ ਕੌਂਸਲ ਨੂੰ ਜਮੀਨ ਲੱਭ ਕੇ ਦੇਣਾ ਸਾਡੀ ਜਿੰਮੇਵਾਰੀ ਨਹੀਂ ਹੈ। ਤੁਸੀਂ ਪ੍ਰਧਾਨ ਨਾਲ ਮੀਟਿੰਗ ਕਰਕੇ ਇਸ ਮਸਲੇ ਦੇ ਹੱਲ ਲਈ ਖੁਦ ਕੋਈ ਜਗਹਾ ਢੂੰਢੋ। ਅਸੀਂ ਆਪਣੇ ਵੱਲੋਂ ਬਣਦਾ ਸਹਿਯੋਗ ਦੇਵਾਂਗੇ।
ਇਸ ਮੌਕੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਜਗਰਾਉਂ ਦੀ ਜਨਤਾ ਉਹਨਾਂ ਕੋਲੋਂ ਸਵਾਲ ਪੁੱਛਦੀ ਹੈ ਅਤੇ ਉਹ ਜਨਤਾ ਨੂੰ ਕੀ ਜਵਾਬ ਦੇਣ। ਉਹਨਾਂ ਕਿਹਾ ਕਿ ਜੇਕਰ ਕਾਰਜ ਸਾਧਕ ਅਫਸਰ ਵੱਲੋਂ ਸੋਮਵਾਰ ਤੱਕ ਕੂੜੇ ਦੀ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਦਫਤਰ ਅੱਗੇ ਵਿਰੋਧੀ ਧਿਰ ਦੇ ਸਾਰੇ ਕੌਂਸਲਰ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਬੈਠ ਜਾਣਗੇ ਅਤੇ ਜਦੋਂ ਤੱਕ ਮਸਲੇ ਦਾ ਹੱਲ ਨਾ ਕਰਵਾਇਆ ਗਿਆ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਸਤੀਸ਼ ਕੁਮਾਰ ਦੋਧਰੀਆ ਪੱਪੂ ਨੇ ਕਿਹਾ ਕਿ ਮਾਨਸੂਨ ਸਿਰ ਤੇ ਆ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜਗਰਾਉਂ ਦੀਆਂ ਮੁੱਖ ਸੜਕਾਂ ਬਰਸਾਤੀ ਪਾਣੀ ਨਾਲ ਲਬਾ ਲਬ ਭਰ ਜਾਣਗੀਆਂ। ਨਗਰ ਕੌਂਸਲ ਵੱਲੋਂ ਮੌਨਸੂਨ ਦੀ ਅਗੇਤੀ ਤਿਆਰੀ ਲਈ ਕੋਈ ਵੀ ਸੁਚੱਜੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਝਾਂਸੀ ਰਾਣੀ ਦੇ ਨਜਦੀਕ ਲੱਗਿਆ ਕੂੜੇ ਦਾ ਡੰਪ ਜਦੋਂ ਬਰਸਾਤੀ ਪਾਣੀ ਨਾਲ ਭਰ ਜਾਵੇਗਾ ਤਾਂ ਅੰਦਰ ਪਿਆ ਕੂੜਾ ਕਚਰਾ ਪਾਣੀ ਵਿੱਚ ਤੈਰ ਕੇ ਸੜਕਾਂ ਉੱਪਰ ਖਿਲਰ ਜਾਵੇਗਾ। ਜਿਸ ਨਾਲ ਜਿੱਥੇ ਪਾਣੀ ਦੀ ਨਿਕਾਸੀ ਵਿੱਚ ਵੀ ਵਿਘਨ ਪਵੇਗਾ, ਉਥੇ ਮਸਲਾ ਹੋਰ ਉਲਝ ਜਾਵੇਗਾ। ਇਸ ਲਈ ਸੜਕਾਂ ਉੱਪਰ ਲੱਗੇ ਹੋਏ ਕੂੜੇ ਦੇ ਢੇਰਾਂ ਅਤੇ ਝਾਂਸੀ ਰਾਣੀ ਦੇ ਨਜਦੀਕ ਟੈਂਕੀ ਥੱਲੇ ਪਏ ਕੂੜੇ ਦੇ ਡੰਪ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਵੇ।
ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਮੰਗ ਪੱਤਰ ਦੇਣ ਮੌਕੇ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਵਿੰਦਰ ਕੁਮਾਰ ਸਬਰਵਾਲ ਤੋਂ ਇਲਾਵਾ ਸਾਜਨ ਮਲਹੋਤਰਾ, ਕਰਮਜੀਤ ਸਿੰਘ ਕੈਥ, ਰਾਜ ਭਾਰਦਵਾਜ, ਕਵੰਰਪਾਲ ਸਿੰਘ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਕੌਂਸਲਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।