ਓ.ਬੀ.ਸੀ. ਆਗੂਆਂ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21ਸਤੰਬਰ, 2026
ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ, ਪਾਰਦਰਸ਼ੀ ਅਤੇ ਨੀਤੀ-ਨਿਰਮਾਣ ਲਈ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਅੱਜ ਡਾ. ਅਨਿਲ ਜੈਹਿੰਦ, ਚੇਅਰਮੈਨ ਇੰਡੀਆ ਓ.ਬੀ.ਸੀ., ਸ. ਕੰਵਰਦੀਪ ਸੈਣੀ, ਵਾਈਸ ਚੇਅਰਮੈਨ ਇੰਡੀਆ ਓ.ਬੀ.ਸੀ. (ਇੰਚਾਰਜ ਪੰਜਾਬ, ਚੰਡੀਗੜ੍ਹ ਅਤੇ ਉੱਤਰਾਖੰਡ) ਅਤੇ ਸ. ਅੰਗਦ ਸਿੰਘ ਨਵਾਂਸ਼ਹਿਰ, ਚੇਅਰਮੈਨ ਪੰਜਾਬ ਓ.ਬੀ.ਸੀ. (ਸਾਬਕਾ ਵਿਧਾਇਕ ਨਵਾਂਸ਼ਹਿਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਰਾਹੀਂ ਜਾਤੀ ਜਨਗਣਨਾ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ, ਭਰੋਸੇਯੋਗ ਅਤੇ ਵਿਗਿਆਨਕ ਬਣਾਉਣ ਲਈ ਕਈ ਅਹਿਮ ਸੁਝਾਅ ਅਤੇ ਮੰਗਾਂ ਪੇਸ਼ ਕੀਤੀਆਂ ਗਈਆਂ। ਇਸ ਵਿੱਚ ਖਾਸ ਤੌਰ ’ਤੇ ਓ.ਬੀ.ਸੀ. ਲਈ ਵੱਖਰੀ ਅਤੇ ਸਪਸ਼ਟ ਸ਼੍ਰੇਣੀ ਬਣਾਉਣ, ਹਰੇਕ ਮਾਨਤਾ ਪ੍ਰਾਪਤ ਜਾਤੀ ਅਤੇ ਭਾਈਚਾਰੇ ਨੂੰ ਵਿਲੱਖਣ ਵਿਗਿਆਨਕ ਜਾਤੀ ਕੋਡ ਦੇਣ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟਾਂ ਤਿਆਰ ਕਰਨ ’ਤੇ ਜ਼ੋਰ ਦਿੱਤਾ ਗਿਆ।
ਮੰਗ ਪੱਤਰ ਵਿੱਚ ਕਿਹਾ ਗਿਆ ਕਿ ਕਈ ਜਾਤੀਆਂ ਅਤੇ ਭਾਈਚਾਰਿਆਂ ਦੇ ਨਾਮ ਵੱਖ-ਵੱਖ ਖੇਤਰਾਂ ਵਿੱਚ ਵੱਖਰੇ ਢੰਗ ਨਾਲ ਬੋਲੇ ਜਾਂ ਲਿਖੇ ਜਾਂਦੇ ਹਨ। ਇਸ ਲਈ ਸਮਾਨਾਰਥੀ ਨਾਮਾਂ, ਖੇਤਰੀ ਨਾਮਾਂ, ਉਚਾਰਨ ਅਤੇ ਸਪੈਲਿੰਗ ਦੇ ਅੰਤਰ ਦੀ ਵਿਗਿਆਨਕ ਜਾਂਚ ਅਤੇ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਨੂੰ ਸਬੰਧਤ ਭਾਈਚਾਰੇ ਦੇ ਇੱਕੋ ਮਿਆਰੀ ਕੋਡ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਇੱਕੋ ਭਾਈਚਾਰੇ ਦੀ ਆਬਾਦੀ ਵੱਖ-ਵੱਖ ਨਾਵਾਂ ਹੇਠ ਦਰਜ ਹੋ ਕੇ ਵੰਡੀ ਨਾ ਜਾਵੇ।
ਡਿਜੀਟਲ ਜਨਗਣਨਾ ਨੂੰ ਵਧੇਰੇ ਸਟੀਕ ਬਣਾਉਣ ਲਈ ਸਰਚਯੋਗ ਡ੍ਰਾਪ-ਡਾਊਨ ਸੂਚੀਆਂ ਅਤੇ ਡਿਜੀਟਲ ਅਸਿਸਟਡ ਸਿਸਟਮ ਵਿਕਸਿਤ ਕਰਨ ਦੀ ਮੰਗ ਵੀ ਕੀਤੀ ਗਈ। ਇਸ ਪ੍ਰਣਾਲੀ ਰਾਹੀਂ ਆਮ ਸਪੈਲਿੰਗਾਂ, ਸਮਾਨਾਰਥੀ ਅਤੇ ਖੇਤਰੀ ਨਾਮਾਂ ਨੂੰ ਸਹੀ ਮਿਆਰੀ ਜਾਤੀ ਕੋਡ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ ਹੀ ਜੇਕਰ ਕੋਈ ਜਾਤੀ ਜਾਂ ਭਾਈਚਾਰਾ ਮਾਸਟਰ ਲਿਸਟ ਵਿੱਚ ਸ਼ਾਮਲ ਨਾ ਹੋਵੇ ਤਾਂ ਉਸ ਦੀ ਐਂਟਰੀ ਦਰਜ ਕਰਨ ਅਤੇ ਮਾਹਿਰਾਂ ਰਾਹੀਂ ਵੈਰੀਫਿਕੇਸ਼ਨ ਕਰਨ ਲਈ ਵੀ ਵਿਵਸਥਾ ਹੋਣੀ ਚਾਹੀਦੀ ਹੈ।
ਮਾਹਿਰਾਂ ਦੀ ਰਾਸ਼ਟਰੀ ਕਮੇਟੀ ਬਣਾਉਣ ਦੀ ਮੰਗ
ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ, ਐਂਥਰੋਪੋਲੋਜਿਸਟਾਂ, ਜਨਸੰਖਿਆ ਵਿਗਿਆਨੀਆਂ, ਅੰਕੜਾ ਮਾਹਿਰਾਂ, ਜਨਗਣਨਾ ਅਤੇ ਡਾਟਾ ਮੈਨੇਜਮੈਂਟ ਮਾਹਿਰਾਂ ਅਤੇ ਸਮਾਜਿਕ ਨਿਆਂ ਨਾਲ ਜੁੜੇ ਮਾਹਿਰਾਂ ਦੀ ਇੱਕ ਰਾਸ਼ਟਰੀ ਪੱਧਰੀ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਗਈ। ਇਸ ਕਮੇਟੀ ਵੱਲੋਂ ਜਾਤੀ ਵਰਗੀਕਰਨ, ਡਾਟਾ ਮਿਆਰੀਕਰਨ ਅਤੇ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਵਿਗਿਆਨਕ ਆਧਾਰ ’ਤੇ ਤਿਆਰ ਕਰਨ ਦਾ ਸੁਝਾਅ ਦਿੱਤਾ ਗਿਆ।
ਇਸ ਤੋਂ ਇਲਾਵਾ ਜਾਤੀ ਅਤੇ ਸਮਾਜਿਕ ਸੰਸਥਾਵਾਂ ਨਾਲ ਸੂਬਾ-ਵਾਰ ਸਲਾਹ-ਮਸ਼ਵਰਾ ਕਰਨ ਅਤੇ ਤੇਲੰਗਾਨਾ ਦੀ SEEEP ਸਰਵੇਖਣ ਪ੍ਰਕਿਰਿਆ ਦੇ ਤਜਰਬੇ ਅਤੇ ਵਿਧੀ ਦਾ ਅਧਿਐਨ ਕਰਨ ਦੀ ਵੀ ਮੰਗ ਰੱਖੀ ਗਈ, ਤਾਂ ਜੋ ਜਨਗਣਨਾ ਦੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਪਯੋਗੀ ਤਜਰਬਿਆਂ ਤੋਂ ਸਿੱਖਿਆ ਜਾ ਸਕੇ।
ਸਹੀ ਅੰਕੜੇ ਹੀ ਬਣਨਗੇ ਸਮਾਜਿਕ ਨਿਆਂ ਦੀਆਂ ਨੀਤੀਆਂ ਦਾ ਆਧਾਰ
ਮੰਗ ਪੱਤਰ ਵਿੱਚ ਦਰਸਾਇਆ ਗਿਆ ਕਿ ਸਹੀ ਅਤੇ ਭਰੋਸੇਯੋਗ ਜਾਤੀ ਡਾਟਾ ਸਿੱਖਿਆ, ਰੋਜ਼ਗਾਰ, ਆਰਥਿਕ ਸਥਿਤੀ, ਸਰਕਾਰੀ ਭਲਾਈ ਯੋਜਨਾਵਾਂ, ਸਮਾਜਿਕ ਪ੍ਰਤੀਨਿਧਤਾ ਅਤੇ ਸਮੁੱਚੇ ਸਮਾਜਿਕ ਵਿਕਾਸ ਨਾਲ ਸਬੰਧਤ ਨੀਤੀਆਂ ਬਣਾਉਣ ਲਈ ਮਹੱਤਵਪੂਰਨ ਆਧਾਰ ਬਣ ਸਕਦਾ ਹੈ। ਇਸ ਲਈ ਸਿਰਫ਼ ਡਾਟਾ ਇਕੱਠਾ ਕਰਨਾ ਹੀ ਕਾਫ਼ੀ ਨਹੀਂ, ਸਗੋਂ ਉਸ ਦਾ ਸਹੀ ਮਿਆਰੀਕਰਨ, ਵੈਰੀਫਿਕੇਸ਼ਨ ਅਤੇ ਵਿਗਿਆਨਕ ਵਰਗੀਕਰਨ ਵੀ ਲਾਜ਼ਮੀ ਹੈ।
ਅੰਤ ਵਿੱਚ ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਕੀਤੀ ਗਈ ਕਿ ਇਸ ਰਾਸ਼ਟਰੀ ਮਹੱਤਤਾ ਦੇ ਮਾਮਲੇ ਵਿੱਚ ਯੋਗ ਦਖ਼ਲਅੰਦਾਜ਼ੀ ਕਰਦਿਆਂ ਕੇਂਦਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਪੇਸ਼ ਕੀਤੀਆਂ ਮੰਗਾਂ ਅਤੇ ਸੁਝਾਵਾਂ ’ਤੇ ਵਿਚਾਰ ਕਰਨ ਲਈ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
“ਜਾਤੀ ਪੁੱਛਣਾ ਹੀ ਕਾਫ਼ੀ ਨਹੀਂ—ਜਾਤੀ ਨੂੰ ਸਹੀ ਗਿਣਨਾ ਜ਼ਰੂਰੀ ਹੈ।”
- Download Babushahi App
-
-