ਐਨ.ਐਚ.ਐਮ ਮੁਲਾਜ਼ਮਾਂ ਵੱਲੋਂ ਤਰਨਤਾਰਨ ’ਚ ਰੋਸ ਮਾਰਚ!
ਵਿਧਾਇਕ ਸੰਧੂ ਦੀ ਕੋਠੀ ਤੱਕ ਕੱਢਿਆ ਵਿਸ਼ਾਲ ਮਾਰਚ, ਮੁੱਖ ਮੰਤਰੀ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਅਗਸਤ 2026- ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਐਨ.ਐਚ.ਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ ਤਹਿਤ ਅੱਜ ਤਰਨ ਤਾਰਨ ਵਿਖੇ ਰੋਸ ਧਰਨਾ ਅਤੇ ਰੋਸ ਮਾਰਚ ਕੀਤਾ ਗਿਆ।ਐਨ.ਐਚ.ਐਮ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਤੋਂ ਹਲਕਾ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਐਨ.ਐਚ.ਐਮ ਯੂਨੀਅਨ ਤਰਨ ਤਾਰਨ ਦੇ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨ.ਐਚ.ਐਮ ਮੁਲਾਜ਼ਮ ਲੰਮੇ ਸਮੇਂ ਤੋਂ ਘੱਟ ਤਨਖਾਹਾਂ ’ਤੇ ਸਿਹਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਵੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਾਰ-ਵਾਰ ਭਰੋਸੇ ਦਿੱਤੇ ਗਏ,ਪਰ ਇਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਐਨ.ਐਚ.ਐਮ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ,ਪਰ ਸਰਕਾਰ ਬਣਨ ਤੋਂ ਬਾਅਦ ਇਹ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ।
ਯੂਨੀਅਨ ਆਗੂ ਜੈਸਮੀਨ ਕੌਰ ਸੀਐਚਓ ਅਤੇ ਜਗਰਾਜ ਕੌਰ ਨੇ ਕਿਹਾ ਕਿ ਅੱਜ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ।
ਇਸ ਰੋਸ ਪ੍ਰਦਰਸ਼ਨ ਵਿੱਚ ਆਮ ਆਦਮੀ ਕਲੀਨਿਕ ਤਰਨ ਤਾਰਨ ਦੇ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਮ ਆਦਮੀ ਕਲੀਨਿਕ ਦੇ ਡਾਕਟਰ ਤਲਵਿੰਦਰਪਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਵਾਰ-ਵਾਰ ਭਰੋਸੇ ਹੀ ਦਿੱਤੇ ਜਾ ਰਹੇ ਹਨ।
ਰਵਿੰਦਰ ਕੌਰ ਸੀ.ਐਚ.ਓ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੱਢ ਕੇ ਹਲਕਾ ਤਰਨ ਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਕੋਠੀ ਤੱਕ ਪਹੁੰਚ ਕੀਤੀ ਗਈ।ਇਸ ਮੌਕੇ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੀਨੀਅਰ ‘ਆਪ’ ਆਗੂ ਭੁਪਿੰਦਰ ਸਿੰਘ ਖੇੜਾ ਨੂੰ ਸੌਂਪਿਆ ਗਿਆ।
ਇਸ ਮੌਕੇ ਮੈਡਮ ਕਵਲਜੀਤ ਕੌਰ ਤਰਨ ਤਾਰਨ,ਸਿਮਰਜੀਤ ਸਿੰਘ ਤਰਨ ਤਾਰਨ,ਮੈਡਮ ਰਜਨੀ ਤਰਨ ਤਾਰਨ,ਸੰਨਦੀਪ ਸਿੰਘ ਤਰਨ ਤਾਰਨ,ਡਾਕਟਰ ਤਰਸੇਮ ਸਿੰਘ ਕੈਰੋਂ,ਸਨਦੀਪ ਸਿੰਘ ਕੈਰੋਂ,ਅਮਨਦੀਪ ਸਿੰਘ ਘਰਿਆਲਾ,ਸੁਪਰੀਤ ਕੌਰ ਸੀ.ਐਚ.ਓ ਸਰਹਾਲੀ,ਜਗਰਾਜ ਸਿੰਘ ਖੇਮਕਰਨ,ਵਿਸ਼ਾਲ ਕੁਮਾਰ ਸਰਹਾਲੀ,ਤੇਜਿੰਦਰ ਸਿੰਘ ਤਰਨ ਤਾਰਨ,ਡਾਕਟਰ ਤੇਰਾ ਸਿੰਘ,ਪ੍ਰਦੀਪ ਸਿੰਘ ਫਾਰਮਾਸਿਸਟ ਸਮੇਤ ਵੱਡੀ ਗਿਣਤੀ ਵਿੱਚ ਐਨ.ਐਚ.ਐਮ ਮੁਲਾਜ਼ਮ ਹਾਜ਼ਰ ਸਨ।
- Download Babushahi App
-
-