ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹੜ ਪ੍ਰਭਾਵਿਤ 428 ਕਿਸਾਨਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੀ ਕੀਤੀ ਵੰਡ
ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ-ਐਡਵੋਕੈਟ ਜਗਰੂਪ ਸਿੰਘ ਸੇਖਵਾਂ
ਰੋਹਿਤ ਗੁਪਤਾ
ਕਾਹਨੂੰਵਾਨ/ਗੁਰਦਾਸਪੁਰ, 18 ਨਵੰਬਰ . ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਤਹਿਤ ਪੰਜਾਬ ਸਰਕਾਰ ਹਰੇਕ ਹੜ੍ਹ ਪੀੜ੍ਹਤ ਪਰਿਵਾਰ ਨੂੰ ਬਣਦਾ ਮੁਆਵਜਾ ਦੇਣਾ ਯਕੀਨੀ ਬਣਾਇਆ ਗਿਆ ਹੈ ਅਤੇ ਹਰੇਕ ਹੜ੍ਹ ਪੀੜ੍ਹਤ ਪਰਿਵਾਰ ਨੂੰ ਬਣਦਾ ਮੁਆਵਜਾ ਉਨਾਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਿੰਡ ਬਿਸੋਪੁਰ, ਪਸਵਾਲ, ਮੁਗਲਾਂ, ਆਵਾਣ, ਫੱਤੂ ਬਰਕਤਾਂ, ਮੂਲਾਂਵਾਲ, ਬੁੱਢਾ ਬਾਲਾ, ਮੁੰਨਣ, ਆਲਮਾ, ਕੋਟਲੀ ਗੁੱਜਰਾਂ ਅਤੇ ਰਾਜੂਬੇਲਾਦੇ 428 ਹੜ ਪ੍ਰਭਾਵਿਤ ਪਰਿਵਾਰਾਂ ਨੂੰ 2 ਕਰੋੜ 9 ਲੱਖ ਰੁਪਏ ਦੇ ਫਸਲਾਂ ਦੇ ਖਰਾਬੇ ਦੀ ਰਾਸ਼ੀ ਦੇ ਸੈਕਸਨ ਲੈਟਰ ਵੰਡਣ ਉਪਰੰਤ ਕੀਤਾ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਸ਼ਚਿਤ ਕੀਤੇ ਗਏ ਸਮੇਂ ਤੋਂ ਪਹਿਲਾਂ ਹੜ ਪੀੜਤਾਂ ਨੂੰ ਰਾਹਤ ਰਾਸ਼ੀ ਵੰਡਣ ਦੀ ਸ਼ੁਰੂਆਤ ਦਿੱਤੀ ਸੀ ਅਤੇ ਪਹਿਲੇ ਦਿਨ ਤੋਂ ਰਾਹਤ ਕਾਰਜਾਂ ਸਮੇਤ ਹਰ ਪੀੜਤਾਂ ਦੀ ਮਦਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ ਪੀੜਤਾਂ ਦੇ ਦੁੱਖ ਵਿੱਚ ਸ਼ਾਮਿਲ ਹੈ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।
ਉਨ੍ਹਾਂ ਨੇ ਪੀੜ੍ਹਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬੰਧਤ ਪਟਵਾਰੀ ਨਾਲ ਮਿਲ ਕੇ ਆਪਣੇ ਬੈਂਕ ਖਾਤੇ, ਆਈ.ਐਫ.ਸੀ ਕੋਡ ਅਤੇ ਆਧਾਰ ਕਾਰਡ ਜ਼ਰੂਰ ਦਰੁਸਤ ਕਰਵਾਉਣ ਤਾਂ ਜੋ ਅਦਾਇਗੀ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਸਾਨਾਂ ਨੂੰ ਕਿਹਾ ਕਿ ਜਿਨਾਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਮਿਲੀ ਉਹ ਆਪਣੇ ਪਿੰਡ ਦੇ ਸਬੰਧਤ ਪਟਵਾਰੀ ਨਾਲ ਰਾਬਤਾ ਕਾਇਮ ਕਰਨ ਤਾਂ ਜੋ ਉਨਾਂ ਦੀ ਮੁਆਵਜ਼ਾ ਰਾਸ਼ੀ ਬੈਂਕ ਖਾਤਿਆਂ ਵਿੱਚ ਪਾਈ ਜਾ ਸਕੇ। ਉਨਾਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਤੁਰੰਤ ਮੇਰੇ ਨਾਲ ਸੰਪਰਕ ਸਥਾਪਿਤ ਕਰੋ, ਹਰੇਕ ਹੜ੍ਹ ਪੀੜ੍ਹਤ ਪਰਿਵਾਰ ਨੂੰ ਬਣਦੀ ਮੁਆਵਜਾ ਰਾਸ਼ੀ ਦਿੱਤੀ ਜਾਵੇਗੀ।