ਉਮੀਦ ਅਤੇ ਸਮਰਪਣ ਹੀ ਸਿੱਖਿਆ ਦਾ ਧੁਰਾ - ਸਿੱਖਿਆ ਸਕੱਤਰ ਸੋਨਾਲੀ ਗਿਰੀ ਉਜਵਲ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 16 ਮਈ
ਉਮੀਦ ਅਤੇ ਸਮਰਪਣ ਹੀ ਸਿੱਖਿਆ ਦਾ ਧੁਰਾ ਹੈ। ਇਹ ਵਿਚਾਰ ਪੰਜਾਬ ਦੀ ਸਿੱਖਿਆ ਸਕੱਤਰ ਸ਼੍ਰੀਮਤੀ ਸੋਨਾਲੀ ਗਿਰੀ ਉਜਵਲ ਨੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਗਟ ਕੀਤਾ। ਇਸ ਮੌਕੇ ਤੇ ਸਮਰਪਣ ਸੋਸਾਇਟੀ, ਜੋ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉੱਪਲ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ, ਦੇ ਸਹਿਯੋਗ ਨਾਲ ਕੈਰੀਅਰ ਗਾਈਡੈਂਸ ਅਤੇ ਕੰਪੀਟੀਟਿਵ ਇਗਜ਼ਾਮ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਨਾਲ ਹੀ, ਮੈਂਟਲ ਹੈਲਥ ਵੈਲਫੇਅਰ ਦਫਤਰ ਦਾ ਵੀ ਉਦਘਾਟਨ ਕੀਤਾ ਗਿਆ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਹਰ ਰੋਜ਼ ਗੱਲ ਕਰੀਏ, ਖਾਸ ਕਰਕੇ ਪ੍ਰੀਖਿਆਵਾਂ ਤੋਂ ਪਹਿਲਾਂ ਅਤੇ ਨਤੀਜੇ ਆਉਣ ਦੇ ਸਮੇਂ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨੀ ਅਤਿ ਜਰੂਰੀ ਹੈ, ਤਾਂ ਜੋ ਕੋਈ ਵੀ ਵਿਦਿਆਰਥੀ ਸਟਰੈਸ ਵਿੱਚ ਆ ਕੇ ਗਲਤ ਫੈਸਲਾ ਨਾ ਲਵੇ।
ਸ੍ਰੀਮਤੀ ਗਿਰੀ ਨੇ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਸਮਰਪਣ ਸੋਸਾਇਟੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਇਨਿਸ਼ੀਏਟਿਵ ਦਾ ਬੂਟਾ ਲਗਾਇਆ, ਜਿਸ ਨਾਲ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਵਿਪਲ ਉਜਵਲ ਸਾਬਕਾ ਡਿਪਟੀ ਕਮਿਸ਼ਨਰ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਦੇ ਐਲਮਨਾਈ ਅਤੇ ਸ਼ਹਿਰ ਦੇ ਹੋਰ ਲੋਕਾਂ ਨੇ ਵੀ ਇਸ ਸੁਸਾਇਟੀ ਨੂੰ ਸਫਲ ਬਣਾਇਆ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਕਾਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਕਾਲਜ ਵਿੱਚ ਵਿਦਿਆਰਥੀ ਸੰਖਿਆ 2023 ਵਿੱਚ ਲਗਭਗ 1500 ਸੀ, ਜੋ ਹੁਣ 2200 ਹੋ ਗਈ ਹੈ, ਅਤੇ ਇਹ ਯਤਨਾਂ ਨਾਲ ਭਵਿੱਖ ਵਿੱਚ 3000 ਤੱਕ ਵਧ ਸਕਦੀ ਹੈ। ਉਹਨਾਂ ਨੇ ਨਵੇਂ ਕੋਰਸ ਸ਼ੁਰੂ ਕਰਨ ਦੀ ਸ਼ਲਾਘ ਕੀਤੀ ਅਤੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਸਮੇਂ ਦੀ ਲੋੜਾਂ ਅਨੁਸਾਰ ਸਿੱਖਿਆ ਦੇ ਕੇ ਉਹਨਾਂ ਦੇ ਕੈਰੀਅਰ ਵਿੱਚ ਮਦਦ ਕਰਦੇ ਰਹਾਂਗੇ।
ਸਿੱਖਿਆ ਸਕੱਤਰ ਨੇ ਪ੍ਰੋਫੈਸਰ ਅਸ਼ਵਨੀ ਭੱਲਾ ਪ੍ਰਿੰਸੀਪਲ ਸਰਕਾਰੀ ਕਾਲਜ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪ੍ਰਿੰਸੀਪਲ ਦੇ ਯਤਨਾਂ ਨਾਲ ਕਾਲਜ ਨੂੰ ਨਵੀਂ ਉਚਾਈਆਂ ਮਿਲ ਰਹੀਆਂ ਹਨ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਅਦਿਤਯ ਉਪਲ ਵੀ ਸ਼ਾਮਿਲ ਹੋਏ ਅਤੇ ਕਾਲਜ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਮੈਂਟਲ ਹੈਲਥ ਸੁਸਾਇਟੀ ਦੇ ਕੋ-ਕਨਵੀਨਰ ਅਤੇ ਸਮਰਪਣ ਸੋਸਾਇਟੀ ਦੇ ਸਕੱਤਰ ਸ੍ਰੀ ਪਰਮਿੰਦਰ ਸੈਣੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਯਕੀਨ ਦਿੱਤਾ ਕਿ ਪ੍ਰਤਿਭਾ ਵਾਲੇ ਵਿਦਿਆਰਥੀ ਜੋ ਆਈ.ਏ ਐੱਸ ਅਤੇ ਪੀ.ਸੀ.ਐੱਸ ਬਣਨਾ ਚਾਹੁੰਦੇ ਹਨ, ਉਹਨਾਂ ਲਈ ਦਰਵਾਜੇ ਹਮੇਸ਼ਾ ਖੁਲੇ ਰਹਿਣਗੇ।
ਇਸ ਮੌਕੇ ਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਂਟਲ ਹੈਲਥ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਕਾਲਜ ਵਿੱਚ ਆਜ਼ਾਦੀ ਘੁਲਾਟੀਆਂ ਅਤੇ ਖਾਸ ਕਰਕੇ ਲੈਫਟ ਨਵਦੀਪ ਸਿੰਘ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਨੂੰ ਮੈਡਮ ਸੋਨਾਲੀ ਗਿਰੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਸ੍ਰੀਮਤੀ ਪਰਮਜੀਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ, ਕੁੰਵਰ ਰਵਿੰਦਰ ਵਿੱਕੀ, ਮੁਕੇਸ਼ ਵਰਮਾ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਲੈਕਚਰਾਰ ਡਾ. ਸਰਦੂਲ ਸਿੰਘ ਚੌਹਸਨ ਅਤੇ ਲੈਕਚਰਾਰ ਰਾਮ ਪਾਲ ਵੀ ਮੌਜੂਦ ਸਨ।
- Download Babushahi App
-
-