ਇੱਕ ਪਾਸੇ ਹਸਪਤਾਲ ’ਚ ਪਤਨੀ ਦੀ ਡਿਲੀਵਰੀ, ਦੂਜੇ ਪਾਸੇ ਘਰ ਜਾਂਦੇ ਪਤੀ ਦੀ ਸੜਕ ਹਾਦਸੇ ’ਚ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ: 12 ਸਤੰਬਰ 2026 ਕਪੂਰਥਲਾ ਦੇ ਪਿੰਡ ਕੜਾਲ ਕਲਾਂ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਭਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੋਠਾਵਾਲ ਅਤੇ ਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੜੂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਦੀ ਪਤਨੀ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਡਿਲੀਵਰੀ ਲਈ ਦਾਖਲ ਸੀ। ਪ੍ਰਭਜੀਤ ਸਿੰਘ ਆਪਣੀ ਪਤਨੀ ਲਈ ਘਰੋਂ ਰੋਟੀ ਲੈ ਕੇ ਹਸਪਤਾਲ ਵੱਲ ਜਾ ਰਿਹਾ ਸੀ ਕਿ ਕੜਾਲ ਕਲਾਂ ਨੇੜੇ ਉਸ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੇ ਦੂਜੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ।
ਦੂਜੇ ਪਾਸੇ ਰਵਿੰਦਰ ਸਿੰਘ ਟਰੈਕਟਰਾਂ ਦੀ ਵਰਕਸ਼ਾਪ ਵਿੱਚ ਕੰਮ ਕਰਦਾ ਸੀ ਅਤੇ ਕੰਮ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਣ ’ਤੇ 108 ਐਂਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਡਿਊਟੀ ਡਾਕਟਰ ਇੰਦਰਪ੍ਰੀਤ ਸਿੰਘ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ ਤੋਂ ਬਾਅਦ ਪ੍ਰਭਜੀਤ ਸਿੰਘ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇੱਕ ਪਾਸੇ ਉਸ ਦੀ ਪਤਨੀ ਹਸਪਤਾਲ ਵਿੱਚ ਡਿਲੀਵਰੀ ਲਈ ਦਾਖਲ ਸੀ ਅਤੇ ਦੂਜੇ ਪਾਸੇ ਪਰਿਵਾਰ ਨੂੰ ਪ੍ਰਭਜੀਤ ਸਿੰਘ ਦੀ ਮੌਤ ਦੀ ਮਨਹੂਸ ਖ਼ਬਰ ਮਿਲ ਗਈ।
ਘਟਨਾ ਸਬੰਧੀ ਸਬੰਧਤ ਪੁਲਿਸ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-