ਨਸ਼ਿਆਂ ਖ਼ਿਲਾਫ਼ ਲੁਧਿਆਣਾ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ
ਕਾਸੋ ਆਪਰੇਸ਼ਨ ਤਹਿਤ ਧੂਮਾ ਮਹੱਲੇ ਨੂੰ ਘੇਰ ਕੇ ਚਲਾਇਆ ਸਰਚ ਅਭਿਆਨ, ਐਸ.ਐਸ.ਪੀ. ਡਾ. ਅੰਕੁਰ ਗੁਪਤਾ ਨੇ ਖੁਦ ਸੰਭਾਲੀ ਕਮਾਨ
ਜਗਰਾਓਂ(ਦੀਪਕ ਜੈਨ)
ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤਹਿਤ ਧੂਮਾ ਮਹੱਲੇ ਵਿੱਚ ਅੱਜ ਵੱਡੇ ਪੱਧਰ ’ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਅਤੇ ਐਸ.ਪੀ. ਸਰਵਣਜੀਤ ਸਿੰਘ ਵੱਲੋਂ ਖੁਦ ਕੀਤੀ ਗਈ।ਪੁਲਿਸ ਟੀਮਾਂ ਨੇ ਧੂਮਾ ਮਹੱਲੇ ਨੂੰ ਆਪਣੇ ਘੇਰੇ ਵਿੱਚ ਲੈਂਦਿਆਂ ਵੱਖ-ਵੱਖ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਗਈ। ਅਚਨਚੇਤ ਕੀਤੇ ਗਏ ਇਸ ਸਰਚ ਅਭਿਆਨ ਕਾਰਨ ਪੂਰੇ ਇਲਾਕੇ ਵਿੱਚ ਪੁਲਿਸ ਦੀ ਭਾਰੀ ਮੌਜੂਦਗੀ ਦੇਖਣ ਨੂੰ ਮਿਲੀ।ਸਰਚ ਅਭਿਆਨ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾਂਚ ਕਰਨ ਦੇ ਨਾਲ-ਨਾਲ ਇਲਾਕੇ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਗਈ। ਪੁਲਿਸ ਦੀ ਇਸ ਕਾਰਵਾਈ ਨਾਲ ਨਸ਼ਿਆਂ ਨਾਲ ਜੁੜੇ ਤੱਤਾਂ ਵਿੱਚ ਹਲਚਲ ਪੈਦਾ ਹੋ ਗਈ।ਇਸ ਮੌਕੇ ਡੀ.ਐਸ.ਪੀ. ਜਸਵਿੰਦਰ ਸਿੰਘ ਢੀਡਸਾ, ਇੰਸਪੈਕਟਰ ਪਰਮਿੰਦਰ ਸਿੰਘ, ਥਾਣਾ ਸਦਰ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ‘ਸੁੱਖੀ’, ਚੌਂਕੀ ਇੰਚਾਰਜ ਆਤਮਾ ਸਿੰਘ, ਟਰੈਫਿਕ ਇੰਚਾਰਜ ਕੁਮਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਰਹੇ। ਵਾਰਡ ਦੇ ਕੌਂਸਲਰ ਕਰਮਜੀਤ ਸਿੰਘ ਕੈਂਥ ਵੀ ਇਸ ਮੌਕੇ ਹਾਜ਼ਰ ਸਨ।ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਸ਼ਾ ਤਸਕਰੀ ਜਾਂ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਅਜਿਹੇ ਸਰਚ ਅਭਿਆਨ ਅੱਗੇ ਵੀ ਜਾਰੀ ਰੱਖਣ ਦੀ ਗੱਲ ਕਹੀ ਗਈ।ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਜ਼ਮੀਨੀ ਪੱਧਰ ’ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ।
- Download Babushahi App
-
-