ਕਾਂਗਰਸੀਆਂ ਵੱਲੋਂ ਹਰਪਾਲ ਚੀਮਾ ਨੂੰ ਤੁਰੰਤ ਬਰਖ਼ਾਸਤ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ
ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਕ ਕੇ ਮੰਗ ਪੱਤਰ ਸੌਂਪਿਆ ਗਿਆ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਉਨ੍ਹਾਂ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਮੰਤਰੀ ਦਾ ਪੁਤਲਾ ਵੀ ਸਾੜਿਆ।
ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਨਾਮ 'ਤੇ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਦਲਿਤ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਵਿੱਤ ਮੰਤਰੀ ਖ਼ਿਲਾਫ਼ ਤੁਰੰਤ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਮੰਗ ਪੱਤਰ ਵਿੱਚ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਦਿੜ੍ਹਬਾ ਦੇ ਵਸਨੀਕ ਦਲਿਤ ਗੁਲਜ਼ਾਰ ਸਿੰਘ ਵੱਲੋਂ ਕੀਤੀ ਖ਼ੁਦਕੁਸ਼ੀ ਦਾ ਹਵਾਲਾ ਦਿੱਤਾ ਗਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਧਮਕਾਏ ਅਤੇ ਜ਼ਲੀਲ ਕੀਤੇ ਜਾਣ ਮਗਰੋਂ ਇਹ ਕਦਮ ਚੁੱਕਿਆ ਸੀ।
ਇਸ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਐਫਆਈਆਰ ਤਾਂ ਦਰਜ ਕੀਤੀ ਹੈ, ਪਰ ਜਾਣਬੁੱਝ ਕੇ ਇਸ ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਮੰਗ ਪੱਤਰ ਵਿੱਚ ਜ਼ਿਕਰ ਕੀਤਾ ਗਿਆ, "ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਗੁਲਜ਼ਾਰ ਸਿੰਘ ਨੇ ਆਪਣੇ ਆਖ਼ਰੀ ਬਿਆਨ ਜੋ ਕਿ ਮਰਨ ਤੋਂ ਠੀ ਪਹਿਲਾਂ ਦਿੱਤਾ ਗਿਆ ਸੀ, ਵਿੱਚ ਆਪਣੀ ਮੌਤ ਲਈ ਹਰਪਾਲ ਚੀਮਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।"
ਮੰਗ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਕਿ ਕਾਨੂੰਨ ਅਨੁਸਾਰ ਆਖ਼ਰੀ ਬਿਆਨ ਨੂੰ ਅਜਿਹੇ ਮਾਮਲਿਆਂ ਵਿੱਚ ਬਹੁਤ ਅਹਿਮ ਸਬੂਤ ਮੰਨਿਆ ਜਾਂਦਾ ਹੈ। ਇਸ ਵਿੱਚ ਸਵਾਲ ਕੀਤਾ ਗਿਆ, "ਜਦੋਂ ਗੁਲਜ਼ਾਰ ਸਿੰਘ ਨੇ ਸਾਫ਼ ਅਤੇ ਸਪੱਸ਼ਟ ਤੌਰ ’ਤੇ ਹਰਪਾਲ ਸਿੰਘ ਨੂੰ ਆਪਣੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ, ਤਾਂ ਫਿਰ ਉਨ੍ਹਾਂ ਦਾ ਨਾਂ ਐਫਆਈਆਰ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ?"
ਮੰਗ ਪੱਤਰ ਰਾਹੀਂ ਡੀਜੀਪੀ ਨੂੰ ਅਪੀਲ ਕੀਤੀ ਗਈ ਕਿ ਹਰਪਾਲ ਚੀਮਾ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਉਹ ਆਪਣੇ ਰੁਤਬੇ ਅਤੇ ਸ਼ਕਤੀ ਦੀ ਵਰਤੋਂ ਕਰਕੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਡਰਾ-ਧਮਕਾ ਨਾ ਸਕਣ ਅਤੇ ਸਮਝੌਤੇ ਲਈ ਮਜਬੂਰ ਨਾ ਕਰ ਸਕਣ।
ਇਸ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਸਰਕਾਰ ਨੇ ਪਰਿਵਾਰ ਦੀ ਇੱਛਾ ਦੇ ਖ਼ਿਲਾਫ਼ ਜਾ ਕੇ ਗੁਲਜ਼ਾਰ ਸਿੰਘ ਦਾ ਜਬਰੀ ਸੰਸਕਾਰ ਕਰਵਾਇਆ। ਮੰਗ ਪੱਤਰ ਵਿੱਚ ਅੱਗੇ ਕਿਹਾ ਗਿਆ, "ਅਜਿਹੇ ਹਾਲਾਤਾਂ ਵਿੱਚ, ਗੁਲਜ਼ਾਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਦਾ ਸਭ ਤੋਂ ਪਹਿਲਾ ਅਤੇ ਅਹਿਮ ਫ਼ਰਜ਼ ਹਰਪਾਲ ਚੀਮਾ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਹੈ।"
- Download Babushahi App
-
-