ਆਪ ਆਗੂ ਵੱਲੋਂ ਚੇਅਰਮੈਨੀ ਨੂੰ ਲੈ ਕੇ ਆਪਣੀ ਹੀ ਪਾਰਟੀ 'ਤੇ 50 ਲੱਖ ਰਿਸ਼ਵਤਖੋਰੀ ਦੇ ਗੰਭੀਰ ਦੋਸ਼
ਉਹ ਪਾਰਟੀ ਨਾਲ ਵੈਰ ਨਹੀਂ ਰੱਖਦੇ, ਸਿਰਫ਼ ਆਪਣਾ ਹੱਕ ਅਤੇ ਸੱਚ ਲਈ ਲੜ ਰਹੇ ਹਨ-ਰਵਿੰਦਰ ਸਿੰਘ ਡਾਵਰ
ਕੁਲਵਿੰਦਰ ਸਿੰਘ / ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 1 ਮਈ 2026- ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਸਿੰਘ ਡਾਵਰ ਵੱਲੋਂ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹਦਿਆਂ ਵੱਡੇ ਇਲਜ਼ਾਮ ਲਗਾਏ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾਵਰ ਨੇ ਦਾਅਵਾ ਕੀਤਾ ਕਿ ਉਸ ਤੋਂ ਚੇਅਰਮੈਨੀ ਦਵਾਉਣ ਦੇ ਨਾਂ 'ਤੇ 50 ਲੱਖ ਰੁਪਏ ਲਏ ਗਏ, ਪਰ ਨਾ ਤਾਂ ਕੋਈ ਅਹੁਦਾ ਮਿਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਡਾਵਰ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਇਨਸਾਫ ਲਈ ਪਾਰਟੀ ਦੇ ਵੱਖ-ਵੱਖ ਆਗੂਆਂ ਕੋਲ ਗੁਹਾਰ ਲਾ ਰਹੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਦਿੱਤੇ ਗਏ। ਉਹਨਾਂ ਦੱਸਿਆ ਕਿ 26 ਮਾਰਚ ਨੂੰ ਵੀ ਇਸ ਮਾਮਲੇ ਸਬੰਧੀ ਵੀਡੀਓ ਜਾਰੀ ਕੀਤੀ ਸੀ, ਪਰ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਕਿਹਾ ਕਿ ਇੱਕ ਵਿਅਕਤੀ ਨੇ ਕਈ ਹੋਰ ਆਗੂਆਂ ਦੇ ਨਾਂ 'ਤੇ ਪੈਸੇ ਇਕੱਠੇ ਕੀਤੇ ਅਤੇ ਕਿਹਾ ਕਿ 10 ਤੋਂ 15 ਦਿਨਾਂ ਵਿੱਚ ਚੇਅਰਮੈਨੀ ਲਗਵਾ ਦਿੱਤੀ ਜਾਵੇਗੀ। ਜਦੋਂ ਸਮਾਂ ਬੀਤ ਗਿਆ ਤਾਂ ਨਾ ਕੋਈ ਨਤੀਜਾ ਨਿਕਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਡਾਬਰ ਨੇ ਕਿਹਾ ਕਿ ਇਹ ਪੈਸੇ ਉਹਨਾਂ ਨੇ ਆਪਣੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਕੋਲੋਂ ਕਰਜ਼ਾ ਲੈ ਕੇ ਦਿੱਤੇ ਸਨ, ਜਿਸ ਕਾਰਨ ਹੁਣ ਉਹਨਾਂ ਉੱਤੇ ਵਿੱਤੀ ਬੋਝ ਪੈ ਗਿਆ ਹੈ।
ਉਹਨਾਂ ਦੱਸਿਆ ਕਿ ਪਾਰਟੀ ਦੇ ਕਈ ਹੋਰ ਵਰਕਰ ਵੀ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ, ਪਰ ਡਰ ਕਰਕੇ ਸਾਹਮਣੇ ਨਹੀਂ ਆ ਰਹੇ। ਰਵਿੰਦਰ ਸਿੰਘ ਡਾਵਰ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੇ ਇਹ ਮਾਮਲਾ ਉੱਪਰਲੇ ਆਗੂਆਂ ਤੱਕ ਪਹੁੰਚਾਇਆ ਤਾਂ ਉਹਨਾਂ ਨੂੰ ਚੁੱਪ ਰਹਿਣ ਅਤੇ ਸਮਾਂ ਦੇਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਕਈ ਮੀਟਿੰਗਾਂ ਵੀ ਹੋਈਆਂ, ਪਰ ਕੋਈ ਹੱਲ ਨਹੀਂ ਨਿਕਲਿਆ।
ਡਾਵਰ ਨੇ ਕਿਹਾ ਕਿ ਜੇਕਰ ਹੁਣ ਵੀ ਇਨਸਾਫ ਨਾ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ, ਭੁੱਖ ਹੜਤਾਲ ਕਰਨਗੇ ਅਤੇ ਸਾਰੇ ਸਬੂਤ ਜਨਤਾ ਦੇ ਸਾਹਮਣੇ ਰੱਖਣਗੇ। ਉਹਨਾਂ ਕਿਹਾ ਕਿ ਉਹ ਪਾਰਟੀ ਨਾਲ ਵੈਰ ਨਹੀਂ ਰੱਖਦੇ, ਸਿਰਫ਼ ਆਪਣਾ ਹੱਕ ਅਤੇ ਸੱਚ ਲਈ ਲੜ ਰਹੇ ਹਨ।
ਉਧਰ, ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਸੰਬੰਧਿਤ ਆਗੂਆਂ ਵੱਲੋਂ ਇੱਕ ਮਹੀਨਾ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਰਵਿੰਦਰ ਡਾਵਰ ਵੱਲੋਂ 50 ਲੱਖ ਰੁਪਏ ਦੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਿਰਫ ਬਿਜਨੇਸ ਵਿੱਚ ਪੈਸੇ ਦੇ ਲੈਣ ਦੇਣ ਦਾ ਹਵਾਲਾ ਦਿੱਤਾ ਸੀ ਅਤੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਵੀ ਇਨਕਾਰਿਆ ਸੀ ਅਤੇ ਹੁਣ ਇੱਕ ਮਹੀਨਾ ਬਾਅਦ ਰਵਿੰਦਰ ਡਾਵਰ ਵੱਲੋਂ ਦੁਬਾਰਾ ਪ੍ਰੈੱਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ।
Click to Follow Babushahi Facebook page →