ਆਈ.ਟੀ.ਆਈ. ਦੇ 70 ਸਿੱਖਿਆਰਥੀਆਂ ਨੂੰ ਕਿੱਤੇ ਅਤੇ ਕਰੀਅਰ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਸਤੰਬਰ

ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਗੁਰਦਾਸਪੁਰ ਵਿਖੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਰੇਸ਼ ਕੁਮਾਰ, ਦੀ ਰਹਿਨੁਮਾਈ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਕੁਮਾਰ ਵਰਮਾ ਵੱਲੋਂ ਆਈ.ਟੀ.ਆਈ. ਗੁਰਦਾਸਪੁਰ ਦੇ ਕਰੀਬ 70 ਸਿੱਖਿਆਰਥੀਆਂ ਨੂੰ ਉਨ੍ਹਾਂ ਦੇ ਕਿੱਤੇ ਅਤੇ ਭਵਿੱਖੀ ਕਰੀਅਰ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕਿਆਂ, ਹੁਨਰ ਵਿਕਾਸ, ਸਿਖਲਾਈ-ਅਧੀਨ ਕੰਮ ਦਾ ਮੌਕਾ, ਸਵੈ-ਰੋਜ਼ਗਾਰ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਮਾਰਗਦਰਸ਼ਨ ਦਿੱਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਕੇਸ਼ ਕੁਮਾਰ ਵਰਮਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਿਰਫ਼ ਸਰਟੀਫਿਕੇਟ ਜਾਂ ਡਿਗਰੀ ਹੀ ਕਾਫ਼ੀ ਨਹੀਂ, ਸਗੋਂ ਤਕਨੀਕੀ ਹੁਨਰ ਦੇ ਨਾਲ ਵਿਹਾਰਕ ਗਿਆਨ, ਸੰਚਾਰ-ਕੁਸ਼ਲਤਾ, ਕੰਪਿਊਟਰ ਦੀ ਜਾਣਕਾਰੀ, ਟੀਮ ਨਾਲ ਮਿਲ ਕੇ ਕੰਮ ਕਰਨ ਦੀ ਯੋਗਤਾ ਅਤੇ ਸਮੱਸਿਆਵਾਂ ਦਾ ਹੱਲ ਕਰਨ ਦੀ ਕਾਬਲੀਅਤ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਦੀ ਸਿਖਲਾਈ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਇੱਕ ਮਜ਼ਬੂਤ ਵਿਹਾਰਕ ਬੁਨਿਆਦ ਪ੍ਰਦਾਨ ਕਰਦੀ ਹੈ।
ਉਨ੍ਹਾਂ ਸਿੱਖਿਆਰਥੀਆਂ ਨੂੰ ਆਈ.ਟੀ.ਆਈ. ਤੋਂ ਬਾਅਦ ਉਪਲਬਧ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੀ ਕਿੱਤਾ-ਮੁਖੀ ਸਿਖਲਾਈ ਨਾਲ ਸਬੰਧਿਤ ਨੌਕਰੀਆਂ ਦੇ ਨਾਲ-ਨਾਲ ਸਿਖਲਾਈ-ਅਧੀਨ ਕੰਮ, ਸਰਕਾਰੀ ਨੌਕਰੀ, ਨਿੱਜੀ ਖੇਤਰ, ਉੱਚ ਤਕਨੀਕੀ ਸਿੱਖਿਆ ਅਤੇ ਸਵੈ-ਰੋਜ਼ਗਾਰ ਦੇ ਖੇਤਰਾਂ ਵਿੱਚ ਵੀ ਅੱਗੇ ਵਧ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਰੁਚੀ, ਯੋਗਤਾ ਅਤੇ ਹੁਨਰ ਦੇ ਅਨੁਸਾਰ ਪਹਿਲਾਂ ਤੋਂ ਹੀ ਕਰੀਅਰ ਯੋਜਨਾ ਤਿਆਰ ਕਰਨ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨ।
ਇਸ ਮੌਕੇ ਸੰਨੀ ਵਾਲੀਆ, ਸੀਨੀਅਰ ਸਹਾਇਕ ਸ੍ਰੀਮਤੀ ਲਖਵਿੰਦਰ ਕੌਰ, ਸ੍ਰੀ ਪ੍ਰਦੀਪ ਕੁਮਾਰ, ਹੁਨਰ ਵਿਕਾਸ ਮਿਸ਼ਨ ਪ੍ਰਬੰਧਕ, ਸ੍ਰੀ ਪ੍ਰਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
- Download Babushahi App
-
-