ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਮਨਾਇਆ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 01 ਮਈ , 2026
ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ‘ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਜੀ ਨੇ ਕੀਤੀ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਦੱਸਿਆ ਕਿ 01 ਮਈ 1886 ਵਿੱਚ ਸ਼ਿਕਾਗੋ(ਅਮਰੀਕਾ) ਵਿੱਚ ਮਜ਼ਦੂਰਾਂ ਵਲੋਂ ਅੰਦੋਲਨ ਸ਼ੁਰੂ ਹੋਇਆ। ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੇ ਤੇ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ ਬੁਲੰਦ ਕੀਤੀ, ਜਿਸ ਵਿੱਚ ਸੱਤ ਮਜ਼ਦੂਰਾਂ ਦੀ ਪੁਲਿਸ ਫਾਇਰਿੰਗ ਕਾਰਨ ਮੌਤ ਹੋ ਗਈ ਸੀ। ਇਸ ਵਿੱਚ ਮਜ਼ਦੂਰਾਂ ਦੀ ਮੰਗ ਸੀ ਕਿ ਕੰਮ ਕਰਨ ਦੇ ਅੱਠ ਘੰਟੇ ਹੋਣ ਤੇ ਹਫਤੇ ਦੀ ਇੱਕ ਛੁੱਟੀ ਹੋਣੀ ਚਾਹੀਦੀ ਹੈ। ਦੁਨੀਆਂ ਭਰ ਦੇ ਮਜ਼ਦੂਰਾਂ ਨੇ ਸੰਗਠਨ ਬਣਾ ਕੇ ਸੰਘਰਸ਼ ਕੀਤੇ ਅਤੇ ਉਹਨਾਂ ਦੀ ਇਹ ਮੰਗ ਮੰਨੀ ਗਈ। ਇਸ ਲਈ ਉਹਨਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ 01 ਮਈ 1886 ਤੋਂ “ਅੰਤਰਰਾਸ਼ਟਰੀ ਮਜ਼ਦੂਰ ਦਿਵਸ” ਮਨਾਇਆ ਜਾਦਾਂ ਹੈ। ਉਹਨਾਂ ਨੇ ਦੱਸਿਆ ਕਿ ਮਜਦੂਰ ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ । ਅੱਜ ਮਸ਼ੀਨੀਕਰਨ ਹੋਣ ਕਾਰਣ ਬੇਰੁਜਗਾਰੀ ਵੱਧ ਰਹੀ ਹੈ। ਗਰੀਬ ਮਜਦੂਰ ਭੁੱਖਮਰੀ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਮਜਦੂਰਾਂ ਦੀ ਸੁਰੱਖਿਆ ਬਾਰੇ ਵੀ ਬਹੁਤੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਦਿਹਾੜੀਦਾਰ ਕਾਮਿਆਂ ਨੂੰ ਤਾਂ ਦਿਹਾੜੀ ਲਾਉਣ ਲਈ ਸਵੇਰੇ ਹੀ ਚੌਕਾਂ ਵਿੱਚ ਜਾ ਕੇ ਖੜਨਾ ਪੈਂਦਾਂ ਹੈ , ਫਿਰ ਵੀ ਕਈ ਵਾਰ ਬਿਨਾਂ ਕੰਮ ਮਿਲਣ ਤੇ ਖਾਲੀ ਹੱਥ ਹੀ ਘਰ ਪਰਤਣਾ ਪੈਦਾ ਹੈ। ਭਾਰਤ ਵਿੱਚ ਮਜਦੂਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਭਾਵੇਂ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਮਜਦੂਰਾਂ ਵਾਸਤੇ ਕਈਆਂ ਸਕੀਮਾਂ ਦਾ ਐਲਾਨ ਕਰਦੀਆਂ ਹਨ, ਪਰ ਜਮੀਨੀ ਹੀਕਕਤ ਬਿਲਕੁੱਲ ਵੱਖ ਹੁੰਦੀ ਹੈ।ਮਹਿੰਗਾਈ ਅਤੇ ਬੇਰੁਜਗਾਰੀ ਦੇ ਕਾਰਨ ਅੱਜ ਹਰ ਮਜਦੂਰ ਪਰਿਵਾਰ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਮਜਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਲੋੜੀਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਉਹ ਵੀ ਸਨਮਾਨਯੋਗ ਜਿੰਦਗੀ ਜੀ ਸਕਣ। ਹੱਕਾਂ ਦੀ ਪਰਾਪਤੀ ਲਈ ਮਜ਼ਦੂਰ ਵਰਗ ਸਾਥ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।
ਇਸ ਮੌਕੇ ਤੇ ਡਾ. ਹਰਬੰਸ ਸਿੰਘ( ਮੈਡੀਕਲ ਅਫਸਰ) ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਮਜਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਤੇ ਸਰਕਾਰ ਨੂੰ ਅਮੀਰੀ ਅਤੇ ਗਰੀਬੀ ਦੇ ਪਾੜੇ ਨੂੰ ਘੱਟ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਉਹਨਾਂ ਨੇ ਦਾਖਿਲ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਜਦੋ ਅਸੀਂ ਆਪਣੇ ਮਨ ਤੇ ਕਾਬੂ ਪਾ ਲਿਆ ਤਾਂ ਅਸੀ ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਸਕਦੇ ਹਾਂ ਉਹਨਾਂ ਨੇ ਮਰੀਜਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਕਿਹਾ ਕਿ ਸਾਨੂੰ ਨਸ਼ੀਲੀਆਂ ਵਸਤੂਆਂ ਦਾ ਸੇਵਨ ਬਿਲਕੁੱਲ ਬੰਦ ਕਰ ਦੇਣ ਚਾਹੀਦਾ ਹੈ, ਕਿਉਕਿ ਨਸ਼ਾ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਰੋਗੀ ਬਣਾ ਦਿੰਦਾ ਹੈ। ਨਸ਼ੇ ਦੀ ਵਰਤੋਂ ਨਾਲ ਕਾਲਾ ਪੀਲੀਆ, ਐਚ.ਆਈ.ਵੀ ਵਰਗੀਆਂ ਬਿਮਾਰੀਆਂ ਵੀ ਲਗਦੀਆਂ ਹਨ। ਇਸ ਮੌਕੇ ਤੇ ਸ਼੍ਰੀ ਵਿਜੇ ਕੁਮਾਰ(ਕੌਂਸਲਰ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਇਸ ਦਿਨ ਨੂੰ ਮਨਾਉਣਾ ਉਨ੍ਹਾਂ ਮਜਦੂਰਾਂ ਨੂੰ ਯਾਦ ਕਰਨਾ ਹੈ, ਜਿਨ੍ਹਾਂ ਨੇ ਇਸ ਸੰਘਰਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਅਤੇ ਕਿਹਾ ਕਿ ਸਰਕਾਰ ਨੂੰ ਮਜਦੂਰਾਂ ਦੀ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਮਜਦੂਰਾਂ ਨੂੰ ਸਰਕਾਰ ਵਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਮਜਦੂਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਤੇ ਦਿਨੇਸ਼ ਕੁਮਾਰ, ਪਰਵੀਨ ਕੁਮਾਰੀ, ਕੁਲਵਿੰਦਰ ਰਾਮ, ਕਮਲਾ ਰਾਣੀ, ਕੋਮਲਪਰੀਤ ਕੌਰ ਅਤੇ ਮਰੀਜ਼ ਹਾਜਿਰ ਸਨ।
Click to Follow Babushahi Facebook page →