ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ 'ਮੈਂ ਭਗਤ ਸਿੰਘ' ਦੀ ਸਫ਼ਲ ਪੇਸ਼ਕਾਰੀ
ਅਸ਼ੋਕ ਵਰਮਾ
ਬਠਿੰਡਾ, 29 ਸਤੰਬਰ 2025 : ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਚੱਲ ਰਹੇ
14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ 'ਮੈਂ ਭਗਤ ਸਿੰਘ' ਦੀ ਸਫ਼ਲ ਪੇਸ਼ਕਾਰੀ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਕੀਤੀ ਗਈ। ਡਾ. ਪਾਲੀ ਭੁਪਿੰਦਰ ਦੁਆਰਾ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਨੇ ਕੀਤਾ ਜਿਸਨੂੰ ਨਾਟਿਅਮ ਪੰਜਾਬ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਖੇਡਿਆ । ਨਾਟਕ ਨੇ ਸਰਮਾਏਦਾਰੀ , ਰਾਜਨੀਤੀ ,ਪ੍ਰਸ਼ਾਸਨ ਅਤੇ ਕਿਸਾਨੀ ਦੀ ਦਿਨੋ-ਦਿਨ ਮੰਦੀ ਹੋ ਰਹੀ ਹਾਲਤ 'ਤੇ ਕਰਾਰੀ ਚੋਟ ਕੀਤੀ ਜਿਸਨੇ ਦਰਸ਼ਕਾਂ ਨੂੰ ਸੋਚਣ 'ਤੇ ਮਜ਼ਬੂਰ ਕੀਤਾ । ਪਾਤਰਾਂ ਦੇ ਸ਼ਾਨਦਾਰ ਅਭਿਨੈ 'ਤੇ ਦਰਸ਼ਕਾਂ ਨੂੰ ਬਾਰ-ਬਾਰ ਤਾੜੀਆਂ ਮਾਰਨ 'ਤੇ ਮਜਬੂਰ ਕਰ ਦਿੱਤਾ ।
ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਸਤਿਕਾਰਿਤ ਮਹਿਮਾਨਾਂ ਵਜੋਂ ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਨੀਲ ਗਰਗ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਨੇ ਸ਼ਿਰਕਤ ਕੀਤੀ।ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ ਅਤੇ ਡਾ. ਪੂਜਾ ਗੁਪਤਾ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਸ਼੍ਰੀ ਨੀਲ ਗਰਗ ਨੇ ਸਭਨਾਂ ਭਗਤ ਸਿੰਘ ਦੀ ਸੋਚ 'ਤੇ ਚੱਲਣ ਲਈ ਪ੍ਰੇਰਿਤ ਕੀਤਾ ।ਸ਼੍ਰੀ ਜਤਿੰਦਰ ਭੱਲਾ ਨੇ ਨਾਟਿਅਮ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸ਼ਹਿਰ ਵਿੱਚ ਸ਼ਹੀਦਾਂ ਨੇ ਨਾਵਾਂ 'ਤੇ ਚੱਲ ਰਹੇ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ।
ਅੰਤ ਵਿੱਚ ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ 10 ਅਕਤੂਬਰ ਤੱਕ ਚੱਲਣਾ ਹੈ ਅਤੇ ਹਰ ਰੋਜ਼ ਸ਼ਾਮ 7:00 ਵਜੇ ਤੋਂ ਸ਼ੁਰੂ ਹੋਇਆ ਕਰੇਗਾ ਜਿਸ ਵਿੱਚ 7:00 ਤੋਂ 7:40 ਤੱਕ ਓਪਨ ਮਾਈਕ ਅਤੇ ਇਸ ਤੋਂ ਬਾਅਦ 7:40 'ਤੇ ਨਾਟਕ ਸ਼ੁਰੂ ਹੋਵੇਗਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਸ਼੍ਰੀ ਗੁਰਮੀਤ ਧੀਮਾਨ ਨੇ ਸਾਂਝੇ ਰੂਪ 'ਚ ਨਿਭਾਈ ਨੇ।
ਇਸ ਦੌਰਾਨ ਐਮ.ਆਰ.ਐਸ.ਪੀ.ਟੀ.ਯੂ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ਹਿਊਮਨ ਰਾਈਟਸ ਐਕਟੀਵਿਸਟ ਡਾ. ਵਿਤੁਲ ਗੁਪਤਾ, ਸ. ਸਤਪਾਲ ਸਿੰਘ ਮੋਹਲਾਂ. ਸ. ਹਰਜੀਤ ਸਿੰਘ,ਨਾਟਿਅਮ ਦੇ ਪ੍ਰਧਾਨ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ,ਆਰ. ਪੀ. ਸੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਜਸਪਾਲ ਮਾਨਖੇੜਾ, ਗੁਰਦੇਵ ਖੋਖਰ,ਸੁਰੇਸ਼ ਹੰਸ, ਲਛਮਣ ਸਿੰਘ ਮਲੂਕਾ, ਰਮੇਸ਼ ਸੇਠੀ ਅਤੇ ਹਰਦੀਪ ਤੱਗੜ ਮੌਜੂਦ ਸਨ।