CGC ਯੂਨੀਵਰਸਿਟੀ ਮੋਹਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਨਵੇਂ ਅਕਾਦਮਿਕ ਵਰ੍ਹੇ ਦੀ ਕੀਤੀ ਗਈ ਪਵਿੱਤਰ ਸ਼ੁਰੂਆਤ
ਮੋਹਾਲੀ, 12 ਜੁਲਾਈ 2026-ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਅਥਾਹ ਸ਼ਰਧਾ, ਸ਼ੁਕਰਾਨੇ ਅਤੇ ਅਧਿਆਤਮਿਕ ਭਾਵਨਾ ਨਾਲ ਆਪਣੇ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਯੂਨੀਵਰਸਿਟੀ ਦੀ ਨਿਰੰਤਰ ਪ੍ਰਗਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਸਮਾਗਮ ਵਿੱਚ ਯੂਨੀਵਰਸਿਟੀ ਦੀ ਮੈਨੇਜਮੈਂਟ, ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਰਧਾ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਹਾਜ਼ਰੀ ਭਰੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੌੰਮਾਂਤਰੀ ਐਵਾਰਡ 'ਫ਼ਾਦਰ ਆਫ਼ ਐਜੂਕੇਸ਼ਨ' ਨਾਲ ਨਿਵਾਜੇ ਜਾ ਚੁੱਕੇ ਮਾਨਯੋਗ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਇੱਕ ਸਾਰਥਕ ਯਾਤਰਾ ਦੀ ਸ਼ੁਰੂਆਤ ਵਿਸ਼ਵਾਸ ਅਤੇ ਸ਼ੁਕਰਾਨੇ ਨਾਲ ਹੁੰਦੀ ਹੈ। ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਸਾਡਾ ਮਾਰਗ ਗਿਆਨ, ਇਮਾਨਦਾਰੀ ਅਤੇ ਹਮਦਰਦੀ ਨਾਲ ਰੋਸ਼ਨ ਕਰਨ। ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਵਿੱਚ ਸਾਡਾ ਮੰਨਣਾ ਹੈ ਕਿ ਸਿੱਖਿਆ ਦਾ ਮਤਲਬ ਸਿਰਫ਼ ਗਿਆਨ ਵੰਡਣਾ ਨਹੀਂ, ਸਗੋਂ ਚਰਿੱਤਰ ਨਿਰਮਾਣ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਹੈ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਅਕਾਦਮਿਕ ਵਰ੍ਹਾ ਨਵੀਆਂ ਉਮੀਦਾਂ, ਤਾਜ਼ਾ ਮੌਕੇ ਅਤੇ ਉੱਤਮਤਾ ਵੱਲ ਵਧਣ ਦਾ ਪ੍ਰਤੀਕ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਪਵਿੱਤਰ ਪਾਠ ਨਾਲ ਇਸ ਸਫ਼ਰ ਦੀ ਸ਼ੁਰੂਆਤ ਕਰਨਾ ਸਾਡੇ ਇਸ ਵਿਸ਼ਵਾਸ ਦਰਸਾਉਂਦਾ ਹੈ ਕਿ ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਪੜ੍ਹਾਈ ਨਾਲ-ਨਾਲ ਚੱਲਦੇ ਹਨ। ਉਮੀਦ ਹੈ ਕਿ ਇਹ ਸਾਲ ਸਾਡੇ ਵਿਦਿਆਰਥੀਆਂ ਨਵਾਂ ਸਿੱਖਣ, ਨਿਮਰਤਾ ਨਾਲ ਅਗਵਾਈ ਕਰਨ ਅਤੇ ਜ਼ਿੰਮੇਵਾਰ ਗਲੋਬਲ ਨਾਗਰਿਕ ਬਣਨ ਲਈ ਪ੍ਰੇਰਿਤ ਕਰੇਗਾ।
ਸਮਾਗਮ ਦੀ ਸਮਾਪਤੀ 'ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ, ਜੋ ਨਿਸ਼ਕਾਮ ਸੇਵਾ, ਸਮਾਨਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਸ ਧਾਰਮਿਕ ਸਮਾਗਮ ਨੇ ਯੂਨੀਵਰਸਿਟੀ ਵਿੱਚ ਇੱਕ ਸਕਾਰਾਤਮਕ ਅਤੇ ਉਤਸ਼ਾਹਜਨਕ ਮਾਹੌਲ ਸਿਰਜਿਆ, ਜਿਸ ਨੇ ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਦੀ ਬੌਧਿਕ ਉੱਤਮਤਾ ਦੇ ਨਾਲ-ਨਾਲ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਬਣਾਈ ਰੱਖਣ ਦੀ ਵਚਨਬੱਧਤਾ ਹੋਰ ਦ੍ਰਿੜ੍ਹ ਕੀਤਾ।