ਰਾਜਪਾਲ ਪੰਜਾਬ ਵੱਲੋਂ ਅਵਾਰਡਾਂ ਦੀ ਝੜੀ ਲਾਉਣ ਵਾਲਾ ਅਧਿਆਪਕ ਰਾਜਿੰਦਰ ਸਿੰਘ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ 6 ਜੁਲਾਈ 2026:ਇੱਕ ਨਿੱਜੀ ਟੀਵੀ ਚੈਨਲ ਉੱਪਰ ਸਿੱਖਿਆ ਸਬੰਧੀ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਤਾਲੀਮ ਦੌਰਾਨ ਪੁੱਜੇ ਮੁੱਖ ਮਹਿਮਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿਖੇ ਪਿਛਲੇ 11 ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਪੰਜਾਬ ਦੇ ਚੋਣਵੇਂ ਅਧਿਆਪਕਾਂ ਦੇ ਕੰਮ ਨੂੰ ਵੀਡੀਓਜ ਦੇ ਮਾਧਿਅਮ ਰਾਹੀ ਬੜੇ ਧਿਆਨ ਨਾਲ ਦੇਖਿਆ ਅਤੇ ਅਧਿਆਪਕਾਂ ਦੀ ਮਿਹਨਤਕਸ਼ ਡਿਊਟੀ ਦੀ ਖੁੱਲੇ ਦਿਲ ਨਾਲ ਸਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਨੂੰ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕਰਦਿਆਂ ਸ਼ਾਬਾਸ਼ੀ ਵੀ ਦਿੱਤੀ ਅਤੇ ਅੱਗੇ ਵੀ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਹੈਰਾਨ ਹਾਂ ਕਿ ਪੰਜਾਬ ਦੇ ਸਕੂਲਾਂ ਅੰਦਰ ਇਨੇ ਮਿਹਨਤੀ ਅਧਿਆਪਕ ਵੀ ਹਨ ਜੋ ਆਪਣੀ ਡਿਊਟੀ ਨੂੰ ਬੜਾ ਹੀ ਤਨਦੇਹੀ ਨਾਲ ਨਿਭਾ ਰਹੇ ਹਨ।
ਗੌਰਤਲਬ ਹੈ ਕਿ ਆਪਣੇ 21 ਸਾਲ ਦੇ ਅਧਿਆਪਨ ਕੈਰੀਅਰ ਵਿੱਚ ਚਾਰ ਖਸਤਾ ਸਕੂਲਾਂ ਨੂੰ ਸਮਾਰਟ ਦਿੱਖ ਪ੍ਰਦਾਨ ਕਰਨ ਵਾਲੇ ਅਧਿਆਪਕ ਰਾਜਿੰਦਰ ਸਿੰਘ ਨੂੰ ਸਾਲ 2020 ਵਿੱਚ ਸਟੇਟ ਅਵਾਰਡ, 2024 ਵਿੱਚ ਭਾਰਤ ਦਾ ਸਰਵਉੱਚ ਕੌਮੀ ਅਧਿਆਪਕ ਪੁਰਸਕਾਰ, ਟੀਚਰ ਆਫ ਦਾ ਈਅਰ ਆਫ਼ ਪੰਜਾਬ ਅਵਾਰਡ 2025, ਰੂਰਲ ਚੇਂਜ ਮੇਕਰ ਨੈਸ਼ਨਲ ਅਵਾਰਡ 2025 ਤੋਂ ਇਲਾਵਾ ਪੰਜਾਬ ਦੇ ਗਵਰਨਰ ਵੱਲੋਂ ਦੋ ਵਾਰ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਪ੍ਰਾਪਤੀਆਂ ਲਈ 9 ਵਾਰ ਸਟੇਟ ਪੱਧਰ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦਰਜਨਾਂ ਵਾਰ ਜ਼ਿਲਾ ਪੱਧਰ ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰਾਜਿੰਦਰ ਸਿੰਘ ਪੰਜਾਬ ਦੇ ਉਨ੍ਹਾਂ ਅਧਿਆਪਕਾਂ ਵਿੱਚ ਸ਼ਾਮਿਲ ਹੋ ਚੁੱਕਾ ਹੈ। ਜਿਸ ਨੂੰ ਉਸ ਦੀਆਂ ਬਿਹਤਰ ਸੇਵਾਵਾਂ ਲਈ ਸਭ ਤੋਂ ਵੱਧ ਵਾਰ ਸਨਮਾਨ ਮਿਲ ਚੁੱਕੇ ਹਨ।