ਪੰਜਾਬ 'ਚ AI ਸਿੱਖਿਆ ਕੀਤੀ ਜਾਵੇਗੀ ਸ਼ੁਰੂ: ਹਰਜੋਤ ਬੈਂਸ
ਸਕੂਲੀ ਸਿੱਖਿਆ ਵਿੱਚ ਪੰਜਾਬ ਦੀ ਪਹਿਲੀ ਰੈਂਕਿੰਗ ਸਿੱਖਿਆ ਪ੍ਰਣਾਲੀ ਵਿੱਚ ਆਏ ਦੇਖਣਯੋਗ ਬਦਲਾਅ ਅਤੇ ਸੁਧਾਰ ਦਾ ਨਤੀਜਾ: ਮਨੀਸ਼ ਸਿਸੋਦੀਆ
‘ਬ੍ਰਾਈਟ ਮਾਈਂਡਜ਼ ਆਫ ਪੰਜਾਬ 2026’ ਪਹਿਲਕਦਮੀ ਤਹਿਤ 12ਵੀਂ ਜਮਾਤ ਵਿੱਚ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਲਗਭਗ 657 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜੂਨ:
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਸਿੱਖਿਆ ਸ਼ੁਰੂ ਕਰੇਗੀ।
ਵਿਕਾਸ ਭਵਨ, ਮੋਹਾਲੀ ਵਿਖੇ ‘ਬ੍ਰਾਈਟ ਮਾਈਂਡਜ਼ ਆਫ ਪੰਜਾਬ 2026’ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਉਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਜਿਨ੍ਹਾਂ ਨੇ 12ਵੀਂ ਜਮਾਤ ਵਿੱਚ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਸਿੱਖਿਆ ਮੰਤਰੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਭਗਵੰਤ ਸਿੰਘ ਮਾਨ ਸਰਕਾਰ ਨੇ ਗੁਣਵੱਤਾ ਭਰਪੂਰ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਇਆ ਸੀ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਵੱਲੋਂ ਸਕੂਲੀ ਸਿੱਖਿਆ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਦਿੱਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੇ ਆਪਣੇ ਵਾਅਦੇ ਇਮਾਨਦਾਰੀ ਨਾਲ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਖੇਤਰ ਵਿੱਚ ਕੇਰਲਾ ਵਰਗੇ ਸੂਬਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਆਪਕਾਂ ਨੂੰ ਸਿੰਘਾਪੁਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਵਿੱਚ ਉੱਚ ਪੱਧਰੀ ਸਿਖਲਾਈ ਲਈ ਭੇਜਿਆ ਗਿਆ ਹੈ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 1000 ਵਿਦਿਆਰਥੀਆਂ ਨੇ ਜੇ ਈ ਈ ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਨੀਟ ਪ੍ਰੀਖਿਆਵਾਂ ਦੇ ਸੰਚਾਲਨ ਨੂੰ ਲੈ ਕੇ ਉੱਠੇ ਸਵਾਲਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੇ ਵਿਦਿਆਰਥੀ ਆਪਣੀ ਮਿਹਨਤ ਅਤੇ ਲਗਨ ਸਦਕਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਏ ਆਈ ਪਾਠਕ੍ਰਮ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਏ ਆਈ ਯੁੱਗ ਦੀਆਂ ਨੌਕਰੀਆਂ ਲਈ ਤਿਆਰ ਕਰਨ ਲਈ ਵਚਨਬੱਧ ਹੈ, ਤਾਂ ਜੋ ਉਹ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਮੁਕਾਬਲੇ ਦੇ ਯੋਗ ਬਣੇ ਰਹਿਣ। ਉਨ੍ਹਾਂ ਕਿਹਾ ਕਿ ਜਨਰੇਸ਼ਨ ਜ਼ੈੱਡ ਦੀ ਸੋਚ ਅਤੇ ਇੱਛਾਵਾਂ ਭਵਿੱਖ ਨੂੰ ਨਵਾਂ ਰੂਪ ਦੇ ਰਹੀਆਂ ਹਨ ਅਤੇ ‘ਬ੍ਰਾਈਟ ਮਾਈਂਡਜ਼ ਆਫ ਪੰਜਾਬ 2026’ ਵਰਗੀਆਂ ਪਹਿਲਕਦਮੀਆਂ ਰਾਹੀਂ ਸਰਕਾਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥ ਬਣਾ ਰਹੀ ਹੈ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਜੋ ਦਿੱਲੀ ਵਿੱਚ ਸਿੱਖਿਆ ਸੁਧਾਰਾਂ ਲਈ ਜਾਣੇ ਜਾਂਦੇ ਹਨ, ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਅਕਾਦਮਿਕ ਸਿੱਖਿਆ, ਕਰੀਅਰ ਯੋਜਨਾ ਅਤੇ ਨਵੀਆਂ ਰੁਜ਼ਗਾਰ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਏ ਆਈ ਪਲੇਟਫਾਰਮਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਮੌਜੂਦਾ ਵਿਦਿਆਰਥੀ ਗ੍ਰੈਜੂਏਟ ਹੋਣਗੇ, ਉਦੋਂ ਤੱਕ ਰੁਜ਼ਗਾਰ ਦਾ ਸਰੂਪ ਕਾਫ਼ੀ ਬਦਲ ਚੁੱਕਾ ਹੋਵੇਗਾ, ਇਸ ਲਈ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਅਤੇ ਨਵੇਂ ਯੁੱਗ ਦੀਆਂ ਨੌਕਰੀਆਂ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਵਿਕਸਤ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਉਸ ਦੀ ਸਿੱਖਿਆ ਪ੍ਰਣਾਲੀ ਮਜ਼ਬੂਤ, ਪਾਰਦਰਸ਼ੀ ਅਤੇ ਖਾਮੀਆਂ ਤੋਂ ਰਹਿਤ ਨਾ ਹੋਵੇ।
ਨੀਟ ਪ੍ਰੀਖਿਆ ਨਾਲ ਜੁੜੀਆਂ ਕਥਿਤ ਬੇਨਿਯਮੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਦੇ ਸੁਪਨਿਆਂ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਕੋਈ ਗਲਤ ਕੰਮ ਹੋਇਆ ਹੈ ਤਾਂ ਉਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਰਵਾਇਤੀ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਵਿੱਚ ਹੋਣ ਵਾਲੇ ਨੀਟ ਵਰਗੇ ਕਿਸੇ ਵੀ ਅਨਿਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਵਿਦਿਆਰਥੀਆਂ ਨੂੰ ਨੌਕਰੀਆਂ ਦੇ ਨਾਲ-ਨਾਲ ਉਦਮਤਾ ਵੱਲ ਵੀ ਧਿਆਨ ਦੇਣ ਲਈ ਪ੍ਰੇਰਿਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਹਰ ਸਾਲ ਕਰੋੜਾਂ ਨੌਜਵਾਨ ਸਰਕਾਰੀ ਨੌਕਰੀਆਂ ਲਈ ਅਰਜ਼ੀਆਂ ਦਿੰਦੇ ਹਨ, ਪਰ ਉਨ੍ਹਾਂ ਵਿੱਚੋਂ ਬਹੁਤ ਘੱਟ ਨੂੰ ਸਫ਼ਲਤਾ ਮਿਲਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਭਵਿੱਖ ਦੇ ਨੇਤਾ ਅਤੇ ਉਦਮੀ ਬਣਨਾ ਚਾਹੀਦਾ ਹੈ, ਜੋ ਖੁਦ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ।
ਸਮਾਗਮ ਦੇ ਅੰਤ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਆਪਣੇ ਟੀਚਿਆਂ 'ਤੇ ਕੇਂਦਰਿਤ ਰਹਿਣ, ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ, ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰਣ ਦਿਵਾਇਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਡੀ ਪੀ ਆਈ (ਸੈਕੰਡਰੀ) ਸਕੱਤਰ ਸਿੰਘ ਬਲ, ਡੀ ਈ ਓ (ਸੈਕੰਡਰੀ) ਡਾ. ਗਿੰਨੀ ਦੁੱਗਲ, ਡਿਪਟੀ ਡੀ ਈ ਓ ਅੰਗਰੇਜ਼ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ। ਸਮਾਗਮ ਦੌਰਾਨ "2035 ਵਿੱਚ ਸਿੱਖਿਆ ਦਾ ਸਰੂਪ ਕਿਹੋ ਜਿਹਾ ਹੋਵੇਗਾ?" ਵਿਸ਼ੇ 'ਤੇ ਆਧਾਰਿਤ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ।