ਭਾਰਤ-ਨਿਊਜ਼ੀਲੈਂਡ ਮੁਫ਼ਤ ਵਪਾਰ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ; ਸਾਲ ਦੇ ਅੰਤ ਤੱਕ ਕੈਨੇਡਾ ਨਾਲ ਵੀ ਵਪਾਰਕ ਸਮਝੌਤਾ ਸੰਭਵ
ਬਾਬੂਸ਼ਾਹੀ ਬਿਊਰੋ
15 ਅਕਤੂਬਰ, 2026 : ਵਿਸ਼ਵ ਪੱਧਰ 'ਤੇ ਬਦਲ ਰਹੇ ਵਪਾਰਕ ਹਾਲਾਤਾਂ ਅਤੇ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਲਗਾਤਾਰ ਅਹਿਮ ਕਦਮ ਚੁੱਕ ਰਹੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਫ਼ਤ ਵਪਾਰ ਸਮਝੌਤਾ (FTA) ਆਉਂਦੀ 20 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ ਭਾਰਤ ਅਤੇ ਕੈਨੇਡਾ ਦਰਮਿਆਨ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਦੀਆਂ ਗੱਲਬਾਤਾਂ ਨੂੰ ਸਾਲ 2026 ਦੇ ਅੰਤ ਤੱਕ ਨੇਪਰੇ ਚਾੜ੍ਹਨ ਦਾ ਟੀਚਾ ਮਿਥਿਆ ਗਿਆ ਹੈ।
ਅਪ੍ਰੈਲ 2026 ਵਿੱਚ ਸਹੀਬੰਦ ਕੀਤਾ ਗਿਆ ਇਹ ਸਮਝੌਤਾ 20 ਅਕਤੂਬਰ ਤੋਂ ਕਾਰਜਸ਼ੀਲ ਹੋ ਜਾਵੇਗਾ। ਇਸ ਸਮਝੌਤੇ ਤਹਿਤ ਭਾਰਤੀ ਉਤਪਾਦਾਂ ਨੂੰ ਨਿਊਜ਼ੀਲੈਂਡ ਵਿੱਚ ਡਿਊਟੀ-ਫ੍ਰੀ (ਟੈਕਸ ਮੁਕਤ) ਪਹੁੰਚ ਮਿਲੇਗੀ, ਜਿਸ ਨਾਲ ਕੱਪੜਾ ਉਦਯੋਗ, ਚਮੜਾ, ਜੁੱਤੀਆਂ, ਇੰਜੀਨੀਅਰਿੰਗ ਵਸਤਾਂ ਅਤੇ ਪ੍ਰੋਸੈਸਡ ਖੇਤੀਬਾੜੀ ਉਤਪਾਦਾਂ ਨੂੰ ਵੱਡੇ ਮੌਕੇ ਮਿਲਣਗੇ।
ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦਾ ਪੰਜਵਾਂ ਦੌਰ 5 ਤੋਂ 9 ਅਕਤੂਬਰ ਤੱਕ ਓਟਾਵਾ ਵਿਖੇ ਹੋਇਆ ਸੀ, ਜਿਸ ਵਿੱਚ ਵਸਤੂਆਂ, ਸੇਵਾਵਾਂ, ਨਿਵੇਸ਼ ਅਤੇ ਬੌਧਿਕ ਸੰਪੱਤੀ ਦੇ ਅਧਿਕਾਰਾਂ 'ਤੇ ਚਰਚਾ ਕੀਤੀ ਗਈ। ਹੁਣ ਅਗਲੇ ਦੌਰ ਦੀ ਬੈਠਕ ਨਵੰਬਰ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿਖੇ ਹੋਵੇਗੀ।
ਚਾਲੂ ਵਿੱਤ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਭਾਰਤ ਦੇ ਨਿਰਯਾਤ ਵਿੱਚ ਵਾਧਾ ਦੇਖਿਆ ਗਿਆ ਹੈ। ਬ੍ਰਿਟੇਨ, ਚੀਨ ਅਤੇ ਯੂਰਪੀ ਸੰਘ (EU) ਨੂੰ ਹੋਣ ਵਾਲੇ ਨਿਰਯਾਤ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਅਮਰੀਕਾ, ਇਜ਼ਰਾਈਲ, ਚਿਲੀ ਅਤੇ ਪੇरू ਨਾਲ ਵੀ ਵਪਾਰਕ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ, ਜਦਕਿ ਆਸਟ੍ਰੇਲੀਆ, ਏਸ਼ੀਆਨ (ASEAN), ਦੱਖਣੀ ਕੋਰੀਆ ਅਤੇ ਸ਼੍ਰੀ ਲੰਕਾ ਨਾਲ ਪਹਿਲਾਂ ਤੋਂ ਮੌਜੂਦ ਸਮਝੌਤਿਆਂ ਦੀ ਸਮੀਖਿਆ ਵੀ ਜਾਰੀ ਹੈ।