Canada: ਸਰੀ ਮੇਅਰ ਦੀ ਕੁਰਸੀ ਲਈ ਦਿਲਚਸਪ ਮੁਕਾਬਲਾ : ਸਰਵੇਖਣਾਂ ਤੋਂ ਵੱਖਰਾ ਹੋ ਸਕਦੈ ਲੋਕਾਂ ਦਾ ਫ਼ੈਸਲਾ
ਪੁਰਾਣੇ ਸਿਆਸੀ ਆਗੂਆਂ ਨੂੰ ਹੋਨਵੀਰ ਸਿੰਘ ਰੰਧਾਵਾ ਦੀ ਚੁਣੌਤੀ; ਸਰਵੇਖਣਾਂ ਤੋਂ ਵੱਖਰਾ ਹੋ ਸਕਦੈ ਲੋਕਾਂ ਦਾ ਫ਼ੈਸਲਾ
ਹਰਦਮ ਮਾਨ
ਸਰੀ, 15 ਅਕਤੂਬਰ 2026- ਸਰੀ ਦੀਆਂ 2026 ਦੀਆਂ ਮਿਊਂਸਪਲ ਚੋਣਾਂ ਲਈ ਸਿਆਸੀ ਸਰਗਰਮੀਆਂ ਸਿਖਰ ’ਤੇ ਪਹੁੰਚ ਗਈਆਂ ਹਨ। 17 ਅਕਤੂਬਰ ਨੂੰ ਵੋਟਾਂ ਪੈਣ ਤੋਂ ਪਹਿਲਾਂ ਮੇਅਰ ਦੀ ਕੁਰਸੀ ਲਈ ਸੱਤ ਉਮੀਦਵਾਰਾਂ ਵਿਚਕਾਰ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਮੌਜੂਦਾ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕਕਲਮ, ਸਾਬਕਾ ਕੌਂਸਲਰ ਲਿੰਡਾ ਐਨਿਸ, ਪੰਜਾਬੀ ਮੂਲ ਦੇ ਵਕੀਲ ਹੋਨਵੀਰ ਸਿੰਘ ਰੰਧਾਵਾ, ਮਾਈਕ ਸਟਾਰਚੁਕ, ਇਗਲ ਐਮਨਜ਼ ਦੂਜਾ ਅਤੇ ਟਰੌਇ ਵੈਨ-ਵਲੀਟ ਆਪੋ-ਆਪਣੇ ਚੋਣ ਮੁੱਦਿਆਂ ਨਾਲ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਾਰ ਸੁਰੱਖਿਆ, ਜਾਇਦਾਦ ਟੈਕਸ, ਸ਼ਹਿਰ ਦੇ ਖਰਚਿਆਂ, ਵਿਕਾਸ ਪ੍ਰਾਜੈਕਟਾਂ ਅਤੇ ਆਮ ਲੋਕਾਂ ਤੇ ਛੋਟੇ ਕਾਰੋਬਾਰੀਆਂ ਦੀਆਂ ਲੋੜਾਂ ਚੋਣ ਬਹਿਸ ਦੇ ਕੇਂਦਰ ਵਿੱਚ ਹਨ।
ਮੌਜੂਦਾ ਮੇਅਰ ਬਰੈਂਡਾ ਲੌਕ ਮੁੜ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਪੁਲਿਸ ਅਤੇ ਫਾਇਰ ਸੇਵਾਵਾਂ ਵਿੱਚ ਨਿਵੇਸ਼, ਟੈਕਸਾਂ ਨੂੰ ਕਾਬੂ ਵਿੱਚ ਰੱਖਣ, ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਆਪਣੇ ਮੁੱਖ ਮੁੱਦੇ ਦੱਸ ਰਹੀ ਹੈ। ਸਾਬਕਾ ਮੇਅਰ ਡੱਗ ਮੈਕਕਲਮ ਨੇ ਸਕਾਈਟ੍ਰੇਨ ਦੇ ਵਿਸਥਾਰ, ਚਾਰ ਸਾਲਾਂ ਲਈ ਜਾਇਦਾਦ ਟੈਕਸ ਵਿੱਚ ਵਾਧਾ ਨਾ ਕਰਨ ਅਤੇ ਅਪਰਾਧ ਤੇ ਐਕਸਟੌਰਸ਼ਨ ਵਿਰੁੱਧ ਸਖ਼ਤ ਕਾਰਵਾਈ ਵਰਗੇ ਵਾਅਦੇ ਕੀਤੇ ਹਨ। ਲਿੰਡਾ ਐਨਿਸ ਸੁਰੱਖਿਆ, ਵਿੱਤੀ ਪਾਰਦਰਸ਼ਤਾ ਅਤੇ ਸਿਟੀ ਦੇ ਖਰਚਿਆਂ ਦੀ ਸਮੀਖਿਆ ’ਤੇ ਜ਼ੋਰ ਦੇ ਰਹੀ ਹੈ। ਮਾਈਕ ਸਟਾਰਚੁਕ ਸੁਰੱਖਿਅਤ, ਘੱਟ ਭੀੜ-ਭੜੱਕੇ ਵਾਲੇ ਅਤੇ ਕਿਫਾਇਤੀ ਸਰੀ ਦੀ ਗੱਲ ਕਰ ਰਹੇ ਹਨ, ਜਦਕਿ ਟਰੌਇ ਵੈਨ-ਵਲੀਟ ਅਤੇ ਇਗਲ ਐਮਨਜ਼ ਦੂਜਾ ਵੀ ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨ ਸਬੰਧੀ ਆਪਣੇ ਵਿਚਾਰਾਂ ਨਾਲ ਵੋਟਰਾਂ ਤੱਕ ਪਹੁੰਚ ਰਹੇ ਹਨ।
ਇਸ ਚੋਣ ਵਿੱਚ ਪੰਜਾਬੀ ਮੂਲ ਦੇ ਵਕੀਲ ਹੋਨਵੀਰ ਸਿੰਘ ਰੰਧਾਵਾ ਦੀ ਮੁਹਿੰਮ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰੀ ਵਿੱਚ ਬਚਪਨ ਤੋਂ ਰਹਿ ਰਹੇ ਰੰਧਾਵਾ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗਾਂ, ਲੋਕ ਇਕੱਠਾਂ ਅਤੇ ਘਰ-ਘਰ ਸੰਪਰਕ ਰਾਹੀਂ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਮੁਹਿੰਮ ਦਾ ਮੁੱਖ ਜ਼ੋਰ ਸੁਰੱਖਿਅਤ ਸੜਕਾਂ, ਘੱਟ ਟੈਕਸਾਂ, ਜਵਾਬਦੇਹ ਪ੍ਰਸ਼ਾਸਨ ਅਤੇ ਸਿਟੀ ਦੇ ਫ਼ੈਸਲਿਆਂ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ’ਤੇ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਸ਼ਹਿਰ ਵਿੱਚ ਆਈਆਂ ਸਮੱਸਿਆਵਾਂ ਨੂੰ ਉਭਾਰਦਿਆਂ ਵੋਟਰਾਂ ਨੂੰ ਇਹ ਸੋਚਣ ਦਾ ਸੱਦਾ ਦਿੱਤਾ ਹੈ ਕਿ ਸਰੀ ਨੂੰ ਨਵੀਆਂ ਲੀਹਾਂ ’ਤੇ ਲਿਜਾਣ ਲਈ ਕਿਸ ਤਰ੍ਹਾਂ ਦੀ ਅਗਵਾਈ ਦੀ ਲੋੜ ਹੈ।
ਰੰਧਾਵਾ ਵੱਲੋਂ ਪੰਜਾਬੀ ਅਤੇ ਸਮੁੱਚੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਉਪਰਾਲੇ ਵੀ ਇਸ ਮੁਹਿੰਮ ਦਾ ਅਹਿਮ ਪੱਖ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਪਾਰਕਾਂ ਵਿੱਚ ਲੋਕਾਂ ਨਾਲ ਮੁਲਾਕਾਤਾਂ ਕਰਨ, ਕਮਿਊਨਿਟੀ ਇਕੱਠਾਂ ਵਿੱਚ ਸ਼ਾਮਲ ਹੋਣ ਅਤੇ ਵੱਡੇ ਜਨਤਕ ਪ੍ਰੋਗਰਾਮਾਂ ਰਾਹੀਂ ਇਹ ਸੁਨੇਹਾ ਦਿੱਤਾ ਹੈ ਕਿ ਸਰੀ ਵਿੱਚ ਵੱਡੀ ਆਬਾਦੀ ਹੋਣ ਦੇ ਬਾਵਜੂਦ ਜੇਕਰ ਪੰਜਾਬੀ ਅਤੇ ਹੋਰ ਸਾਊਥ ਏਸ਼ੀਅਨ ਲੋਕ ਵੋਟਾਂ ਪਾਉਣ ਲਈ ਘੱਟ ਗਿਣਤੀ ਵਿੱਚ ਨਿਕਲਦੇ ਹਨ ਤਾਂ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਆਵਾਜ਼ ਕਮਜ਼ੋਰ ਰਹਿ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸ਼ਹਿਰ ਦੇ ਭਵਿੱਖ ਨੂੰ ਤੈਅ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਰੰਧਾਵਾ ਆਪਣੀ ਟੀਮ ਨੂੰ ਵੀ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਵਜੋਂ ਪੇਸ਼ ਕਰ ਰਹੇ ਹਨ। ਉਨ੍ਹਾਂ ਦੀ ਟੀਮ ਵਿੱਚ ਸਰੀ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਮੁਹਿੰਮ ਦਾ ਅਹਿਮ ਪੱਖ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰੀ ਨੂੰ ਨਵੀਂ ਦਿਸ਼ਾ ਦੇਣ ਲਈ ਅਜਿਹੀ ਅਗਵਾਈ ਦੀ ਲੋੜ ਹੈ ਜੋ ਵੱਖ-ਵੱਖ ਭਾਈਚਾਰਿਆਂ ਦੀਆਂ ਲੋੜਾਂ ਨੂੰ ਸਮਝੇ ਅਤੇ ਆਮ ਪਰਿਵਾਰਾਂ, ਨੌਜਵਾਨਾਂ ਤੇ ਛੋਟੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇਵੇ। ਉਨ੍ਹਾਂ ਦੇ ਲਗਾਤਾਰ ਲੋਕ ਸੰਪਰਕ ਅਤੇ ਚੋਣ ਪ੍ਰਚਾਰ ਦੇ ਢੰਗ ਨੇ ਇਸ ਵਾਰ ਦੀ ਚੋਣ ਵਿੱਚ ਨਵੀਂ ਚਰਚਾ ਛੇੜੀ ਹੈ ਅਤੇ ਪੁਰਾਣੇ ਸਿਆਸੀ ਆਗੂਆਂ ਲਈ ਚੁਣੌਤੀ ਵਧਾਈ ਹੈ।
ਸਰੀ ਦੀਆਂ ਇਨ੍ਹਾਂ ਚੋਣਾਂ ਵਿੱਚ ਸੁਰੱਖਿਆ ਦਾ ਮੁੱਦਾ ਸਭ ਤੋਂ ਅਹਿਮ ਬਣਿਆ ਹੋਇਆ ਹੈ। ਐਕਸਟੌਰਸ਼ਨ, ਗੈਂਗ ਹਿੰਸਾ, ਨਸ਼ਿਆਂ ਨਾਲ ਜੁੜੇ ਅਪਰਾਧ ਅਤੇ ਪੁਲਿਸ ਸੇਵਾਵਾਂ ਦੀ ਕਾਰਗੁਜ਼ਾਰੀ ਬਾਰੇ ਵੱਖ-ਵੱਖ ਉਮੀਦਵਾਰ ਆਪੋ-ਆਪਣੇ ਹੱਲ ਪੇਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਜਾਇਦਾਦ ਟੈਕਸ, ਘਰਾਂ ਦੀ ਕਿਫਾਇਤ, ਟ੍ਰੈਫਿਕ, ਸਕਾਈਟ੍ਰੇਨ ਦਾ ਵਿਸਥਾਰ ਅਤੇ ਸ਼ਹਿਰ ਦੇ ਵੱਡੇ ਵਿਕਾਸ ਪ੍ਰਾਜੈਕਟਾਂ ’ਤੇ ਖਰਚੇ ਵੀ ਵੋਟਰਾਂ ਲਈ ਮਹੱਤਵਪੂਰਨ ਮੁੱਦੇ ਹਨ। ਸਿਟੀ ਸੈਂਟਰ ਵਿੱਚ 10,000 ਸੀਟਾਂ ਵਾਲੇ ਅਰੇਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੀ ਯੋਜਨਾ ਨੂੰ ਲੈ ਕੇ ਵੀ ਇਹ ਬਹਿਸ ਜਾਰੀ ਹੈ ਕਿ ਅਜਿਹੇ ਪ੍ਰਾਜੈਕਟਾਂ ਨਾਲ ਸ਼ਹਿਰ ਨੂੰ ਕੀ ਲਾਭ ਹੋਵੇਗਾ ਅਤੇ ਉਨ੍ਹਾਂ ਦਾ ਵਿੱਤੀ ਬੋਝ ਕਿਵੇਂ ਪੂਰਾ ਕੀਤਾ ਜਾਵੇਗਾ।
ਭਾਵੇਂ ਪਿਛਲੇ ਦਿਨਾਂ ਵਿੱਚ ਸਾਹਮਣੇ ਆਏ ਕੁਝ ਸਰਵੇਖਣ ਚੋਣ ਮੁਕਾਬਲੇ ਬਾਰੇ ਵੱਖਰੇ ਸੰਕੇਤ ਦੇ ਰਹੇ ਹਨ, ਪਰ ਚੋਣ ਮੁਹਿੰਮ ਦੌਰਾਨ ਲੋਕਾਂ ਨਾਲ ਹੋ ਰਹੇ ਸੰਪਰਕ ਅਤੇ ਵੱਖ-ਵੱਖ ਇਲਾਕਿਆਂ ਵਿੱਚ ਉੱਭਰ ਰਹੀਆਂ ਚਰਚਾਵਾਂ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਸਰੀ ਦੇ ਮੇਅਰ ਦੀ ਚੋਣ ਦਾ ਨਤੀਜਾ ਕਈ ਲੋਕਾਂ ਲਈ ਹੈਰਾਨੀਜਨਕ ਹੋ ਸਕਦਾ ਹੈ। ਖ਼ਾਸ ਕਰਕੇ ਹੋਨਵੀਰ ਸਿੰਘ ਰੰਧਾਵਾ ਦੀ ਮੁਹਿੰਮ ਅਤੇ ਪੰਜਾਬੀ ਭਾਈਚਾਰੇ ਨੂੰ ਵੋਟਾਂ ਲਈ ਲਾਮਬੰਦ ਕਰਨ ਦੇ ਯਤਨਾਂ ਨੇ ਚੋਣ ਦੇ ਆਖ਼ਰੀ ਪੜਾਅ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਹਾਲਾਂਕਿ ਅਸਲ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਹੁਣ ਸਰੀ ਦੇ ਵੋਟਰਾਂ ਨੇ ਫ਼ੈਸਲਾ ਦੇਣਾ ਹੈ ਕਿ ਉਹ ਤਜਰਬੇਕਾਰ ਆਗੂਆਂ ਨੂੰ ਮੁੜ ਮੌਕਾ ਦੇਣਾ ਚਾਹੁੰਦੇ ਹਨ ਜਾਂ ਨਵੀਂ ਅਗਵਾਈ ਨੂੰ ਅਜ਼ਮਾਉਣਾ ਚਾਹੁੰਦੇ ਹਨ। ਇਸ ਵਾਰ ਦੀ ਚੋਣ ਸਿਰਫ਼ ਮੇਅਰ ਦੀ ਕੁਰਸੀ ਦਾ ਫ਼ੈਸਲਾ ਨਹੀਂ ਕਰੇਗੀ, ਸਗੋਂ ਇਹ ਵੀ ਦਰਸਾਏਗੀ ਕਿ ਸਰੀ ਦੇ ਲੋਕ ਸੁਰੱਖਿਆ, ਟੈਕਸਾਂ, ਜਵਾਬਦੇਹੀ ਅਤੇ ਸ਼ਹਿਰ ਦੇ ਭਵਿੱਖ ਬਾਰੇ ਕਿਸ ਤਰ੍ਹਾਂ ਦੀ ਸੋਚ ਨੂੰ ਤਰਜੀਹ ਦਿੰਦੇ ਹਨ।