ਢਾਈ ਸਾਲਾ ਮਾਸੂਮ ਗੁਰਸਾਂਝ ਦੇ ਕਤਲ ਦੀ ਗੁੱਥੀ ਸੁਲਝੀ; ਔਰਤ ਗ੍ਰਿਫ਼ਤਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਨਵੰਬਰ 2026 : ਲਾਲੜੂ ਪੁਲਿਸ ਨੇ ਪਿੰਡ ਬੱਲੋਪੁਰ ਵਿੱਚ ਢਾਈ ਸਾਲ ਦੇ ਮਾਸੂਮ ਬੱਚੇ ਗੁਰਸਾਂਝ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਬੱਚੇ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਹੇਠ ਪੁਲਿਸ ਨੇ ਗੁਆਂਢ ਵਿੱਚ ਕਿਰਾਏ 'ਤੇ ਰਹਿੰਦੀ 22 ਸਾਲਾ ਪਰਵਾਸੀ ਔਰਤ ਸੋਨਿਕਾ ਪਤਨੀ ਰੇਸ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਨੇ 14 ਨਵੰਬਰ ਦੀ ਦੁਪਹਿਰ ਨੂੰ ਬੱਚੇ ਨੂੰ ਅਗਵਾ ਕੀਤਾ ਸੀ ਅਤੇ ਉਸੇ ਰਾਤ ਉਸ ਦਾ ਕਤਲ ਕਰਕੇ ਲਾਸ਼ ਨੂੰ ਗੁਆਂਢੀ ਰਾਜਬੀਰ ਦੇ ਮਕਾਨ ਦੀ ਟੀਨ ਦੀ ਛੱਤ 'ਤੇ ਸੁੱਟ ਦਿੱਤਾ ਸੀ, ਜੋ ਅਗਲੀ ਸਵੇਰ ਬਰਾਮਦ ਹੋਈ। ਪੁਲਿਸ ਮੁਤਾਬਕ ਦੋ ਮਹੀਨੇ ਪਹਿਲਾਂ ਗਰਭਪਾਤ ਹੋਣ ਕਾਰਨ ਸੋਨਿਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ ਅਤੇ ਇਸੇ ਨਫ਼ਰਤੀ ਸੋਚ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਦੌਰਾਨ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਈ ਗੁਰਸਾਂਝ ਦੀ ਲਾਸ਼ ਦਾ ਪੋਸਟਮਾਰਟਮ ਪੰਜਵੇਂ ਦਿਨ ਹੋ ਸਕਿਆ। ਦਰਅਸਲ, ਬੱਚੇ ਦੇ ਪਰਿਵਾਰਕ ਮੈਂਬਰ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਪੋਸਟਮਾਰਟਮ ਨਾ ਕਰਵਾਉਣ 'ਤੇ ਅੜੇ ਹੋਏ ਸਨ। ਵੀਰਵਾਰ ਨੂੰ ਸੋਨਿਕਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਬੱਚੇ ਦੇ ਕਈ ਅੰਗਾਂ ਦੇ ਨਮੂਨਿਆਂ ਤੋਂ ਇਲਾਵਾ ਸਵੈਬ (Swab) ਦੇ ਸੈਂਪਲ ਵੀ ਲਏ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੱਚੇ ਨਾਲ ਕਿਸੇ ਤਰ੍ਹਾਂ ਦਾ ਜਿਨਸੀ ਸ਼ੋਸ਼ਣ ਤਾਂ ਨਹੀਂ ਹੋਇਆ। ਹਾਲਾਂਕਿ, ਮੁੱਢਲੀ ਰਿਪੋਰਟ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਹੈ। ਵੀਰਵਾਰ ਸ਼ਾਮ ਨੂੰ ਬੇਹੱਦ ਗਮਗੀਨ ਮਾਹੌਲ ਵਿੱਚ ਮਾਸੂਮ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਐੱਸ.ਪੀ. (ਦਿਹਾਤੀ) ਜਸਪਿੰਦਰ ਸਿੰਘ ਨੇ ਦੱਸਿਆ ਕਿ ਯੂ.ਪੀ. ਦੀ ਰਹਿਣ ਵਾਲੀ ਸੋਨਿਕਾ ਦਾ ਸੱਤ ਮਹੀਨੇ ਪਹਿਲਾਂ ਰੇਸ਼ਮ ਨਾਲ ਵਿਆਹ ਹੋਇਆ ਸੀ। ਦੋ ਮਹੀਨੇ ਪਹਿਲਾਂ ਮਿਸਕੈਰੇਜ (ਗਰਭਪਾਤ) ਹੋਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਬਿਮਾਰ ਰਹਿਣ ਲੱਗੀ ਅਤੇ ਬੱਚਿਆਂ ਪ੍ਰਤੀ ਉਸ ਦੀ ਸੋਚ ਨਫ਼ਰਤ ਭਰੀ ਹੋ ਗਈ। ਉਸ ਨੇ ਗਲੀ ਵਿੱਚ ਖੇਡ ਰਹੇ ਗੁਰਸਾਂਝ ਨੂੰ ਅਗਵਾ ਕਰਕੇ ਆਪਣੇ ਘਰ ਲਿਆਂਦਾ ਅਤੇ ਮੂੰਹ 'ਤੇ ਕੱਪੜਾ ਰੱਖ ਕੇ ਉਸ ਦਾ ਸਾਹ ਘੁੱਟ ਦਿੱਤਾ। ਬੱਚੇ ਦੇ ਦਮ ਤੋੜਨ ਤੱਕ ਉਹ ਪੈਰਾਂ ਨਾਲ ਉਸ ਦੀ ਛਾਤੀ ਅਤੇ ਸਰੀਰ 'ਤੇ ਦਬਾਅ ਬਣਾਉਂਦੀ ਰਹੀ। ਮੌਤ ਤੋਂ ਬਾਅਦ ਲਾਸ਼ ਨੂੰ ਕੱਪੜਿਆਂ ਹੇਠ ਲੁਕਾ ਦਿੱਤਾ ਅਤੇ ਰਾਤ ਦੇ ਹਨੇਰੇ ਵਿੱਚ ਮਕਾਨ ਦੀ ਪਹਿਲੀ ਮੰਜ਼ਿਲ 'ਤੇ ਚੜ੍ਹ ਕੇ ਨਾਲ ਲੱਗਦੇ ਮਕਾਨ ਦੀ ਟੀਨ ਦੀ ਛੱਤ 'ਤੇ ਰੱਖ ਦਿੱਤਾ। ਜੁਰਮ ਕਬੂਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸ਼ੁੱਕਰਵਾਰ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਦੁਪਹਿਰ ਨੂੰ ਗਲੀ ਵਿੱਚ ਖੇਡਦਿਆਂ ਗੁਰਸਾਂਝ ਅਚਾਨਕ ਲਾਪਤਾ ਹੋ ਗਿਆ ਸੀ। 18 ਘੰਟਿਆਂ ਬਾਅਦ ਐਤਵਾਰ ਸਵੇਰੇ 6 ਵਜੇ ਉਸ ਦੀ ਲਾਸ਼ ਆਪਣੇ ਘਰ ਤੋਂ ਚਾਰ ਮਕਾਨ ਛੱਡ ਕੇ ਗੁਆਂਢੀ ਰਾਜਬੀਰ ਦੇ ਘਰ ਦੀ ਟੀਨ ਦੀ ਛੱਤ 'ਤੇ ਪਈ ਮਿਲੀ ਸੀ। ਬੱਚੇ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਅਤੇ ਨੀਲ ਦੇ ਨਿਸ਼ਾਨ ਸਨ, ਜਦਕਿ ਚਿਹਰੇ 'ਤੇ ਝਰੀਟਾਂ ਅਤੇ ਹਲਕਾ ਖੂਨ ਵੀ ਲੱਗਾ ਹੋਇਆ ਸੀ। ਗੁਰਸਾਂਝ ਪਰਿਵਾਰ ਦਾ ਵੱਡਾ ਪੁੱਤਰ ਸੀ ਅਤੇ ਉਸ ਦਾ ਦੋ ਮਹੀਨੇ ਦਾ ਇੱਕ ਛੋਟਾ ਭਰਾ ਵੀ ਹੈ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-