ਖੇਡਾਂ ਵਤਨ ਪੰਜਾਬ ਦੀਆਂ: ਹਾਕੀ ਖੇਡਾਂ ਦੌਰਾਨ ਬਠਿੰਡਾ, ਮੁਕਤਸਰ ਤੇ ਮਲੇਰਕੋਟਲਾ ਦੀਆਂ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2026 :ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਖੇਡ ਅਫਸਰ ਬਠਿੰਡਾ ਸ੍ਰ. ਰੁਪਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਰਾਜ ਪੱਧਰੀ ਖੇਡਾਂ ਗੇਮ ਹਾਕੀ ਦੇ ਅੱਜ ਤੀਜੇ ਦਿਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸਹਾਇਕ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀ ਗੁਰਜਿੰਦਰ ਪਾਲ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਬਠਿੰਡਾ ਅਤੇ ਮਲੇਰਕੋਟਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਬਠਿੰਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਲੇਰਕੋਟਲਾ ਨੂੰ 3-0 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਬਠਿੰਡਾ ਦੀ ਦਿਲਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਸੰਗਰੂਰ ਨੇ ਤਰਨਤਾਰਨ ਨੂੰ 3-1 ਨਾਲ ਮਾਤ ਦਿੱਤੀ। ਇਸ ਤਰ੍ਹਾਂ ਅੰਡਰ-14 ਲੜਕੀਆਂ ਦੇ ਫਾਈਨਲ ਨਤੀਜਿਆਂ ਵਿੱਚ ਬਠਿੰਡਾ ਨੇ ਪਹਿਲਾ, ਮਲੇਰਕੋਟਲਾ ਨੇ ਦੂਜਾ, ਸੰਗਰੂਰ ਨੇ ਤੀਜਾ ਅਤੇ ਤਰਨਤਾਰਨ ਨੇ ਚੌਥਾ ਸਥਾਨ ਹਾਸਲ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ, ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਮਿਹਨਤ ਨਾਲ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਪੂਲ-ਏ ਦੇ ਸੈਮੀਫਾਈਨਲ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ 2-0 ਨਾਲ ਹਰਾਇਆ। ਇਸ ਮੁਕਾਬਲੇ ਵਿੱਚ ਦਿਲਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਬਠਿੰਡਾ ਨੇ ਤਰਨਤਾਰਨ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਫਾਈਨਲ ਮੁਕਾਬਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਮੋਹਾਲੀ ਨੂੰ 2-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਮੈਚ ਵਿੱਚ ਪਵਨੀਤ ਕੌਰ ਨੂੰ ਬੈਸਟ ਪਲੇਅਰ ਐਲਾਨਿਆ ਗਿਆ। ਅੰਡਰ-17 ਲੜਕੀਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਮੋਹਾਲੀ ਨੇ ਦੂਜਾ, ਬਠਿੰਡਾ ਨੇ ਤੀਜਾ ਅਤੇ ਤਰਨਤਾਰਨ ਨੇ ਚੌਥਾ ਸਥਾਨ ਹਾਸਲ ਕੀਤਾ।
ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਵੀ ਅੱਜ ਕਈ ਦਿਲਚਸਪ ਮੈਚ ਖੇਡੇ ਗਏ। ਮਲੇਰਕੋਟਲਾ ਨੇ ਸੰਗਰੂਰ ਨੂੰ 2-0 ਨਾਲ ਹਰਾਇਆ, ਜਦਕਿ ਬਠਿੰਡਾ ਨੇ ਲੁਧਿਆਣਾ ਨੂੰ 3-0 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਮਲੇਰਕੋਟਲਾ ਨੇ ਪਟਿਆਲਾ ਨੂੰ 3-0 ਨਾਲ ਹਰਾਇਆ ਅਤੇ ਇਸ ਮੁਕਾਬਲੇ ਵਿੱਚ ਨਵਜੋਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅੰਡਰ-21 ਲੜਕੀਆਂ ਦੇ ਪੂਲ-ਏ ਮੁਕਾਬਲੇ ਵਿੱਚ ਮੋਹਾਲੀ ਨੇ ਅੰਮ੍ਰਿਤਸਰ ਨੂੰ 3-0 ਨਾਲ ਹਰਾਇਆ।
ਰਾਜ ਪੱਧਰੀ ਹਾਕੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੈਦਾਨ ਵਿੱਚ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਰੁਪਿੰਦਰ ਸਿੰਘ ਬਰਾੜ ਜ਼ਿਲ੍ਹਾ ਖੇਡ ਅਫਸਰ ਬਠਿੰਡਾ, ਗੁਰਵਿੰਦਰ ਸਿੰਘ ਹਾਕੀ ਕੋਚ ਪਟਿਆਲਾ ਕਨਵੀਨਰ,ਮਨਦੀਪ ਕੌਰ ਸੁਪਰਵਾਈਜ਼ਰ, ਰੁਪਿੰਦਰ ਸਿੰਘ ਸਿੱਧੂ ਰਿਟਾਇਰਡ ਡੀ.ਐੱਸ.ਓ., ਰਾਜਵੰਤ ਸਿੰਘ ਹਾਕੀ ਕੋਚ, ਅਵਤਾਰ ਸਿੰਘ ਹਾਕੀ ਕੋਚ, ਅਮਨਦੀਪ ਸਿੰਘ ਹਾਕੀ ਕੋਚ, ਨਵਜੋਤ ਕੌਰ ਹਾਕੀ ਕੋਚ, ਰਣਧੀਰ ਸਿੰਘ ਹਾਕੀ ਕੋਚ , ਜਗਮੋਹਨ ਸਿੰਘ, ਰਹਿੰਦਰ ਸਿੰਘ, ਸੁਖਜਿੰਦਰਪਾਲ ਕੌਰ, ਮਨਦੀਪ ਕੌਰ, ਹਰਪ੍ਰੀਤ ਸਿੰਘ ਅਤੇ ਗੁਰਸਰਨ ਸਿੰਘ ,ਮਨਜਿੰਦਰ ਸਿੰਘ ,ਹਰਪ੍ਰੀਤ ਸਿੰਘ, ਵਿਸ਼ਨੀਤ ਕੌਰ ,ਵੀਰਦਵਿੰਦਰ ਕੌਰ ,ਨਰਿੰਦਰ ਸਿੰਘ ,ਸੁਖਮੰਦਰ ਸਿੰਘ ਕੁਸ਼ਤੀ ਕੋਚ ਸਮੇਤ ਹੋਰ ਖੇਡ ਅਧਿਕਾਰੀ, ਕੋਚ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈਆਂ ਜਾ ਰਹੀਆਂ ਇਹ ਰਾਜ ਪੱਧਰੀ ਹਾਕੀ ਖੇਡਾਂ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕਰ ਰਹੀਆਂ ਹਨ। ਖਿਡਾਰੀਆਂ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਭਵਿੱਖ ਵਿੱਚ ਉੱਚ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਣਾ ਮਿਲਦੀ ਹੈ।
- Download Babushahi App
-
-