‘ਜਵਾਨੀ ਸੰਭਾਲ ਯਾਤਰਾ’ ਦੇ ਪਾਇਲ ਪਹੁੰਚਣ ’ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇੱਕਜੁੱਟ ਹੋਣ ਦਾ ਦਿੱਤਾ ਸੱਦਾ
ਪਾਇਲ, ( ਰਵਿੰਦਰ ਢਿੱਲੋ)
ਕੰਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦਾ ਅੱਜ ਹਲਕਾ ਪਾਇਲ ਵਿੱਚ ਸ਼ਾਮਿਲ ਹੋਣ ਤੇ ਜ਼ਿਲਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਵਾਲੇ ਪਾਸੇ ਤੋਂ ਹਲਕਾ ਪਾਇਲ ਵਿੱਚ ਐਂਟਰ ਹੋਏ ਚੰਨੀ ਦੀ ਸਾਈਕਲ ਯਾਤਰਾ ਜਿਉ ਹੀ ਪਾਇਲ ਵਿਖੇ ਪੁੱਜੀ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਨੇ ਚੰਨੀ ਜ਼ਿੰਦਾਬਾਦ ਸਮੇਤ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਹ ਤੇ ਚੰਨੀ ਤੇ ਫੁੱਲਾਂ ਦੀ ਵਰਖਾ ਕੀਤੀ। ਲੱਖਾਂ ਪੈਲ ਦੀ ਧਰਮ ਪਤਨੀ ਕਮਲੇਸ਼ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਸੈਂਕੜੇ ਬੀਬੀਆਂ ਚੰਨੀ ਦੇ ਸਵਾਗਤ ਲਈ ਖੜੀਆਂ ਸਨ। ਉਪਰੰਤ ਪੈਦਲ ਚੱਲ ਕੇ ਚਰਨਜੀਤ ਸਿੰਘ ਚੰਨੀ ਦੁਸ਼ਹਿਰਾ ਗਰਾਊਂਡ ਪੁੱਜੇ ਜਿੱਥੇ ਹਜ਼ਾਰਾਂ ਲੋਕਾਂ ਨੇ ਉਹਨਾਂ ਦਾ ਗੁਲਾਬ ਦੀਆਂ ਪੱਤੀਆਂ ਨਾਲ ਸਵਾਗਤ ਕੀਤਾ। ਬੇਹੱਦ ਉਤਸ਼ਾਹ ਭਰਪੂਰ ਮਾਹੌਲ ਵਿੱਚ ਚਰਨਜੀਤ ਸਿੰਘ ਚੰਨੀ ਮੰਚ ਤੇ ਦਾਖਲ ਹੋਏ ਅਤੇ ਹਜ਼ਾਰਾਂ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ।
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਚਰਨਜੀਤ ਸਿੰਘ ਚੰਨੀ ਨੂੰ ਜੀ ਆਇਆ ਆਖਿਆ। ਮੰਚ ਤੋਂ ਬੋਲਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਲੁਟੇਰਿਆਂ ਦਾ ਰਾਜ ਹੈ। ਉਹਨਾਂ ਕਿਹਾ ਕਿ ਗੁਜਰਾਤ ਦੀ ਜੇਲ ਵਿੱਚ ਬੈਠੇ ਗੈਂਗਸਟਰ ਪੰਜਾਬ ਵਿੱਚ ਆਪਣੀਆਂ ਕਾਰਵਾਈਆਂ ਕਰ ਰਹੇ ਹਨ। ਪੰਜਾਬ ਦੀਆਂ ਜਮੀਨਾਂ ਨੱਪੀਆਂ ਜਾ ਰਹੀਆਂ ਹਨ। ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ ਪੰਜਾਬ ਦੇ ਕੁਦਰਤੀ ਸੋਮੇ ਲੁੱਟੇ ਜਾ ਰਹੇ।
ਇਸ ਮੌਕੇ ਭਾਵੁਕ ਭਾਸ਼ਣ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਜਵਾਨੀ ਸੰਭਾਲ ਯਾਤਰਾ’ ਦੇ ਪਾਇਲ ਪਹੁੰਚਣ ’ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਲੋਕਾਂ ਦਾ ਪਿਆਰ, ਉਤਸ਼ਾਹ ਅਤੇ ਭਰਵਾਂ ਹੁੰਗਾਰਾ ਪੰਜਾਬ ਵਿੱਚ ਬਦਲਾਅ ਦੀ ਨਵੀਂ ਉਮੀਦ ਜਗਾ ਰਿਹਾ ਹੈ।ਤੇ ਹਰ ਚੀਜ਼ ਬਚਾਈ ਜਾ ਸਕਦੀ ਹੈ ਪਰੰਤੂ ਪੰਜਾਬ ਵਿੱਚੋਂ ਖਤਮ ਹੋ ਰਹੇ ਮਾਵਾਂ ਦੇ ਪੁੱਤ ਵਾਪਸ ਨਹੀਂ ਲਿਆਂਦੇ ਜਾ ਸਕਦੇ। ਉਹਨਾਂ ਕਿਹਾ ਕਿ ਮੈਨੂੰ ਆਦਤ ਹੈ ਅਤੇ ਮੈਂ ਕੇਂਦਰ ਸਰਕਾਰ ਨਾਲ ਪੰਗੇ ਵੀ ਲੈ ਸਕਦਾ ਹਾਂ ਅਤੇ ਉਹਨਾਂ ਨੂੰ ਖਦੇੜ ਵੀ ਸਕਦਾ ਹਾਂ।
ਚਰਨਜੀਤ ਸਿੰਘ ਚੰਨੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹਲਕਾ ਵਿਧਾਇਕ ਗਿਆਸਪੁਰਾ ਨੇ ਜਿਸ ਤਰੀਕੇ ਨਾਲ ਮਨ ਮਾਨੀ ਕੀਤੀਆਂ ਨੇ ਹਨ, ਅਕਾਲ ਤਖਤ ਸਾਹਿਬ ਦੀ ਬੇਪਤੀ ਕੀਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾੜਾ ਚੰਗਾ ਬੋਲਿਆ ਹੈ ਅਤੇ ਇਹੀ ਸਮਾਂ ਹੈ ਕਿ ਹੁਣ ਉਸ ਨੂੰ ਸਬਕ ਸਿਖਾ ਕੇ ਵਾਪਸ ਭੇਜ ਦਿੱਤਾ ਜਾਵੇ। ਚੰਨੀ ਤੇ ਭਾਸ਼ਣ ਦੌਰਾਨ ਬਾਰ ਵਾਰ ਤਾੜੀਆਂ ਵੱਜਦੀਆਂ ਰਹੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਉਹਨਾਂ ਦਾ ਹੌਸਲਾ ਵਧਾਇਆ। ਸਾਈਕਲ ਯਾਤਰਾ ਦੀ ਸਮਾਪਤੀ ਮੌਕੇ ਸਭ ਤੋਂ ਖਾਸ ਗੱਲ ਰਹੀ ਕਿ ਨੱਕੋ ਨੱਕ ਭਰੇ ਸ਼ਹਿਰ ਦੇ ਚਾਰੇ ਪਾਸੇ ਜਾਮ ਲੱਗੇ ਰਹੇ ਅਤੇ ਸਾਰੇ ਆਗੂਆਂ ਵੱਲੋਂ ਸਾਬਕਾ ਵਿਧਾਇਕ ਲੱਖਾ ਦੇ ਵੱਡਾ ਇਕੱਠ ਕਰਨ ਦੀ ਤਾਰੀਫ ਕੀਤੀ ਗਈ।
ਖਹਿਰਾ ਵੱਲੋਂ ਹਲਕਾ ਵਿਧਾਇਕ ਗਿਆਸਪੁਰਾ ਤੇ ਤਾਬੜ ਤੋੜ ਹਮਲੇ
ਕਾਨਫਰਸ ਵਿੱਚ ਸਭ ਤੋਂ ਖਿੱਚਦਾ ਕੇਂਦਰ ਰਹੇ ਵਿਧਾਇਕ ਅਤੇ ਕਿਸਾਨ ਮਜ਼ਦੂਰ ਸੈਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਅਤੇ ਤਾਬੜ ਤੋੜ ਹਮਲੇ ਕੀਤੇ। ਉਹਨਾਂ ਕਿਹਾ ਕਿ ਜਿਹੜਾ ਵਿਧਾਇਕ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਟਿੱਚ ਸਮਝਦਾ ਹੈ ਉਹ ਲੋਕਾਂ ਨੂੰ ਕੀ ਸਮਝੇਗਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਵਿਧਾਇਕ ਗਿਆਸਪੁਰਾ ਬਾਰੇ ਕੁਝ ਹੋਰ ਬੋਲਣ ਦੀ ਲੋੜ ਨਹੀਂ। ਖਹਿਰਾ ਨੇ ਵਿਧਾਇਕ ਤੇ ਨਿੱਜੀ ਰੂਪ ਵਿੱਚ ਤਾਬੜ ਤੋੜ ਹਮਲੇ ਕੀਤੇ ਅਤੇ ਕਿਹਾ ਕਿ ਹਲਕਾ ਪਾਇਲ ਦੇ ਲੋਕ ਹੁਣ ਉਸ ਨੂੰ ਮੂੰਹ ਨਾ ਲਾਉਣ। ਸਭ ਤੋਂ ਵੱਧ ਖਿੱਚਦਾ ਕੇਂਦਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਤੇ ਪੰਜਾਬ ਨੂੰ ਲੁੱਟਣ ਕੁੱਟਣ ਅਤੇ ਤਬਾਹ ਕਰਨ ਦੇ ਕਥਿਤ ਦੋਸ਼ ਲਾਏ ਅਤੇ ਸਭ ਤੋਂ ਵੱਧ ਤਾੜੀਆਂ ਸੁਖਪਾਲ ਸਿੰਘ ਖਹਿਰਾ ਤੇ ਭਾਸ਼ਣ ਦੌਰਾਨ ਵੱਜੀਆਂ।
ਹੁਸ਼ਿਆਰ ਮਾਹੀ ਨੇ ਗਾਇਕੀ ਤੇ ਭੰਡਾਂ ਨੇ ਉਤਾਰੀਆਂ ਨਕਲਾਂ
ਪਾਇਲ ਦੀ ਮੁੱਖ ਸਟੇਜ ਤੇ ਦੁਸਹਿਰਾ ਗਰਾਊਂਡ ਵਿਖੇ ਨਾਮਵਰ ਕਲਾਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਭੰਡ ਕਲਾਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਦੀਆਂ ਖੂਬ ਨੁਕਲਾਂ ਉਤਾਰ ਕੇ ਉਹਨਾਂ ਨੂੰ ਮਜਾਕੀਆ ਰੂਪ ਵਿੱਚ ਭੰਡਿਆ। ਨੰਬਰ ਗਾਇਕ ਹੁਸ਼ਿਆਰ ਮਾਹੀ ਨੇ ਆਪਣੀ ਗਾਇਕੀ ਦਾ ਜਾਦੂ ਬਖੇਰਿਆ ਅਤੇ ਪੰਜਾਬ ਦੇ ਬਦਲਾਅ ਲਈ ਆਮ ਆਦਮੀ ਪਾਰਟੀ ਖਿਲਾਫ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਭੰਡ ਕਲਾਕਾਰਾਂ ਵੱਲੋਂ ਮਜ਼ਾਕੀਆ ਲਹਿਜੇ ਵਿੱਚ ਖੂਬ ਝੰਡ ਲਾਹੀ ਗਈ।
ਲੱਖਾਂ ਪਾਇਲ ਵੱਲੋਂ ਇਲਾਕੇ ਦੇ ਲੋਕਾਂ ਅਤੇ ਆਗੂਆਂ ਦਾ ਧੰਨਵਾਦ
ਜਿਲਾ ਕਾਂਗਰਸ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਵੱਲੋਂ ਦੁਸ਼ਹਿਰਾ ਗਰਾਉਂਡ ਵਿੱਚ ਪੁੱਜੇ ਹਲਕਾ ਪਾਇਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਧੰਨਵਾਦ ਕੀਤਾ ਗਿਆ।। ਉਹਨਾਂ ਕਿਹਾ ਕਿ ਹਲਕਾ ਪਾਇਲ ਦੇ ਲੋਕਾਂ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਅਤੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਲਕਾ ਪਾਇਲ ਦੀ ਤਬਦੀਲੀ ਦਾ ਮੁੱਢ ਬੰਨਿਆ ਜਾ ਚੁੱਕਾ ਹੈ।। ਲੱਖਾ ਪਾਇਲ ਦੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਕਰਤੂਤਾਂ ਦੇ ਕਥਿਤ ਤੌਰ ਤੇ ਵੱਡੇ ਖੁਲਾਸੇ ਕੀਤੇ ਜਾਣਗੇ ਜਿਸ ਨੂੰ ਵੇਖ ਕੇ ਹਲਕਾ ਪਾਇਲ ਦੇ ਲੋਕ ਹੈਰਾਨ ਰਹਿ ਜਾਣਗੇ। ਉਹਨਾਂ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਧੰਨਵਾਦ ਵੀ ਕੀਤਾ।
- Download Babushahi App
-
-