ਕਾਂਗਰਸ ਅਤੇ ਭਾਜਪਾ ਦੇ ਲੀਡਰਾਂ ਸਣੇ ਸਾਬਕਾ DSP 'ਆਪ' ਵਿੱਚ ਸ਼ਾਮਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਨਵੰਬਰ, 2026: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਕਈ ਸੀਨੀਅਰ ਆਗੂਆਂ ਸਮੇਤ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਆਮ ਆਦਮੀ ਪਾਰਟੀ (AAP) ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸਾਰੀਆਂ ਅਹਿਮ ਸ਼ਖ਼ਸੀਅਤਾਂ ਦਾ ਪਾਰਟੀ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਆਗੂ ਲਗਾਤਾਰ 'ਆਪ' ਨਾਲ ਜੁੜ ਰਹੇ ਹਨ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅੱਜ ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਜਲੰਧਰ ਕਾਂਗਰਸ ਦੇ ਮੌਜੂਦਾ ਉਪ-ਪ੍ਰਧਾਨ ਮਾਈਕ ਖੋਸਲਾ ਅਤੇ ਭਾਜਪਾ ਯੁਵਾ ਮੋਰਚਾ ਦੇ ਮੁੱਖ ਬੁਲਾਰੇ ਤੇ ਉੱਘੇ ਉਦਯੋਗਪਤੀ ਪ੍ਰਸ਼ਾਂਤ ਗੰਭੀਰ ਸ਼ਾਮਲ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ਵਿੱਚ ਆਪਣਾ ਪੂਰਾ ਵਿਸ਼ਵਾਸ ਜਤਾਇਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ. (DSP) ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸੁਰਿੰਦਰ ਪਾਲ ਡੋਗਰੀ ਨੇ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਜਰਬੇਕਾਰ ਅਤੇ ਸੂਝਵਾਨ ਆਗੂਆਂ ਦੇ ਜੁੜਨ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਵਧੇਰੇ ਮਜ਼ਬੂਤੀ ਮਿਲੇਗੀ। ਉਨ੍ਹਾਂ ਸਾਰਿਆਂ ਨੂੰ ਨਵੀਂ ਪਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਸੂਬੇ ਦੀ ਤਰੱਕੀ ਲਈ ਮਿਲ ਕੇ 'ਰੰਗਲਾ ਪੰਜਾਬ' ਸਿਰਜਣ ਦਾ ਸੱਦਾ ਦਿੱਤਾ।
- Download Babushahi App
-
-