PCS ਪ੍ਰੀਖਿਆ ਵਿਵਾਦ: ਹਾਈ ਕੋਰਟ ਵੱਲੋਂ ਭਲਕੇ (18 ਨਵੰਬਰ) ਸਵੇਰੇ 9 ਵਜੇ ਤੱਕ ਲਿਖਤੀ ਪਟੀਸ਼ਨਾਂ ਜਮ੍ਹਾਂ ਕਰਵਾਉਣ ਦੇ ਨਿਰਦੇਸ਼, ਅਗਲੀ ਸੁਣਵਾਈ 19 ਨਵੰਬਰ ਨੂੰ
Ravi Jakhu
ਚੰਡੀਗੜ੍ਹ, 17 ਨਵੰਬਰ: 2026
ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਵੱਲੋਂ 4 ਨਵੰਬਰ 2026 ਨੂੰ ਐਲਾਨੇ ਗਏ PCS ਮੁੱਖ ਪ੍ਰੀਖਿਆ (ਮੇਨਜ਼) ਦੇ ਨਤੀਜਿਆਂ ਨੂੰ ਲੈ ਕੇ ਉੱਠੇ ਵਿਵਾਦ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਅੱਜ ਪਟੀਸ਼ਨਰਾਂ ਵੱਲੋਂ ਤਿੰਨ ਹੋਰ ਨਵੀਆਂ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕਮਲਜੀਤ ਅਤੇ ਰੁਸ਼ਿਲ ਅਰੋੜਾ ਵੀ ਸ਼ਾਮਲ ਹਨ। ਅਦਾਲਤ ਨੇ ਪਟੀਸ਼ਨਰਾਂ ਨੂੰ ਭਲਕੇ (18 ਨਵੰਬਰ) ਸਵੇਰੇ 9 ਵਜੇ ਤੱਕ ਆਪਣੀਆਂ ਲਿਖਤੀ ਪਟੀਸ਼ਨਾਂ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਲਈ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਬਿਨੈਕਾਰਾਂ ਸਮੇਤ ਚਾਰ ਹੋਰ ਪਟੀਸ਼ਨਾਂ ਵੀ ਦਾਇਰ ਹੋ ਚੁੱਕੀਆਂ ਹਨ।
ਪ੍ਰੀਤੀ ਸ਼ਰਮਾ ਅਤੇ ਹੋਰ ਉਮੀਦਵਾਰਾਂ ਵੱਲੋਂ ਦਾਇਰ ਰਿੱਟ ਪਟੀਸ਼ਨਾਂ ਵਿੱਚ ਇਸ ਸਮੁੱਚੀ ਭਰਤੀ ਪ੍ਰਕਿਰਿਆ ਅਤੇ ਨਤੀਜੇ ਨੂੰ ਰੱਦ ਕਰਕੇ ਸੀ.ਬੀ.ਆਈ. ਜਾਂ ਐੱਸ.ਆਈ.ਟੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰਾਂ ਨੇ ਚੋਣ ਸੂਚੀ (751 ਉਮੀਦਵਾਰ) ਵਿੱਚ ਲਗਾਤਾਰ ਰੋਲ ਨੰਬਰਾਂ ਦੇ 118 ਕਲੱਸਟਰ ਬਣਨ, ਪੰਜਾਬੀ ਯੋਗਤਾ ਅਤੇ ਉਮਰ ਹੱਦ ਦੇ ਨਿਯਮਾਂ ਵਿੱਚ ਗ਼ੈਰ-ਕਾਨੂੰਨੀ ਤਬਦੀਲੀਆਂ ਕਰਨ, ਪ੍ਰੀਖਿਆ ਕੇਂਦਰਾਂ ਵਿੱਚ ਬਿਨਾਂ ਸੀਲ ਜਾਂ ਟੁੱਟੀ ਸੀਲ ਵਾਲੇ ਪ੍ਰਸ਼ਨ-ਪੱਤਰ ਪਹੁੰਚਣ, ਵੀਡੀਓਗ੍ਰਾਫੀ ਨਾ ਕਰਵਾਉਣ, ਨਤੀਜੇ ਤੋਂ ਪਹਿਲਾਂ ਕੱਟ-ਆਫ਼ ਲੀਕ ਹੋਣ ਅਤੇ ਉੱਚ ਅਧਿਕਾਰੀਆਂ ਤੇ ਸਿਆਸੀ ਆਗੂਆਂ ਦੇ ਕਰੀਬੀਆਂ ਨੂੰ ਲਾਭ ਪਹੁੰਚਾਉਣ ਵਰਗੇ ਗੰਭੀਰ ਦੋਸ਼ ਲਗਾਏ ਹਨ।
- Download Babushahi App
-
-