ਕਾਂਗਰਸ ਵੱਲੋਂ 'ਪੰਜਾਬ ਮੰਗਦਾ ਹਿਸਾਬ' ਮੁਹਿੰਮ ਦੀ ਸ਼ੁਰੂਆਤ, ਚੰਡੀਗੜ੍ਹ ਤੋਂ ਰਵਾਨਾ ਹੋਈ ਵਿਸ਼ੇਸ਼ ਬੱਸ
ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਦੀ ਅਗਵਾਈ ਹੇਠ 5 ਦਿਨਾਂ ਦੌਰਾ ਸ਼ੁਰੂ, ਮੋਹਾਲੀ 'ਚ ਹੋਇਆ ਜ਼ੋਰਦਾਰ ਸਵਾਗਤ
ਸਰਕਾਰ ਤੋਂ ਜਵਾਬ ਮੰਗਣ ਲਈ ਸੜਕਾਂ 'ਤੇ ਉੱਤਰੀ ਕਾਂਗਰਸ: ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦੇ ਮੁੱਦੇ ਉੱਠਣਗੇ
ਬੀਜੇਪੀ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ, ਸੋਨੀਆ ਗਾਂਧੀ ਦੀ ਕਿਤਾਬ 'ਤੇ ਰਾਜਨੀਤੀ ਕਰ ਰਹੀ ਹੈ ਭਾਜਪਾ: ਬਾਜਵਾ
Ravi Jakhu
ਚੰਡੀਗੜ੍ਹ, 11 ਨਵੰਬਰ 2026- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਲਈ ਪੰਜਾਬ ਕਾਂਗਰਸ ਵੱਲੋਂ ਇੱਕ ਵੱਡੀ ਰਾਜਨੀਤਿਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਕਾਂਗਰਸ ਵੱਲੋਂ 'ਪੰਜਾਬ ਮੰਗਦਾ ਹਿਸਾਬ' ਕੰਪੇਨ ਦੇ ਤਹਿਤ ਚੰਡੀਗੜ੍ਹ ਸਥਿਤ ਕਾਂਗਰਸ ਦਫ਼ਤਰ ਤੋਂ ਇੱਕ ਵਿਸ਼ੇਸ਼ ਬੱਸ ਨੂੰ ਰਵਾਨਾ ਕੀਤਾ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਗਟ ਸਿੰਘ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਦੌਰਾ ਕੁੱਲ ਪੰਜ ਦਿਨਾਂ ਦਾ ਹੋਵੇਗਾ, ਜਿਸ ਦੇ ਨਾਲ ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ਲਈ ਦੋ ਇਨੋਵਾ ਗੱਡੀਆਂ ਦਾ ਕਾਫ਼ਲਾ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਮੁਹਿੰਮ ਦੇ ਪਹਿਲੇ ਪੜਾਅ ਦੇ ਤਹਿਤ ਇਹ ਬੱਸ ਸਭ ਤੋਂ ਪਹਿਲਾਂ ਮੋਹਾਲੀ ਵਿਖੇ ਪਹੁੰਚੀ, ਜਿੱਥੇ ਸਥਾਨਕ ਕਾਂਗਰਸ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਢੋਲ-ਧਮੱਕਿਆਂ ਨਾਲ ਇਸ ਯਾਤਰਾ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੋਹਾਲੀ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਤੋਂ ਬਾਅਦ ਮੋਹਾਲੀ ਕਲੱਬ ਵਿਖੇ ਇੱਕ ਅਹਿਮ ਮਿਲਣੀ ਸਮਾਗਮ ਰੱਖਿਆ ਗਿਆ। ਜਿਸ ਤਰ੍ਹਾਂ ਚੋਣਾਂ ਸਮੇਂ ਮੈਨੀਫੈਸਟੋ ਕਮੇਟੀ ਆਮ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਰਾਵਾਂ ਲੈਂਦੀ ਹੈ, ਬਿਲਕੁਲ ਉਸੇ ਤਰਜ਼ 'ਤੇ ਕਾਂਗਰਸ ਦਾ ਇਹ ਉੱਚ-ਪੱਧਰੀ ਵਫ਼ਦ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰੇਗਾ ਅਤੇ ਮੌਜੂਦਾ ਹਾਲਾਤਾਂ 'ਤੇ ਵਿਚਾਰ-ਵਟਾਂਦਰਾ ਕਰੇਗਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ 'ਪੰਜਾਬ ਮੰਗਦਾ ਹਿਸਾਬ' ਯਾਤਰਾ ਦਾ ਮੁੱਖ ਮਨੋਰਥ ਸੂਬੇ ਦੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਅਤੇ ਹੋਰ ਤਮਾਮ ਵਰਗਾਂ ਨਾਲ ਜੁੜੇ ਭਖਦੇ ਮਸਲਿਆਂ ਨੂੰ ਜਨਤਾ ਦੇ ਕਚਹਿਰੀ 'ਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਟੀਮ ਪੰਜਾਬ ਦੇ ਕੋਨੇ-ਕੋਨੇ 'ਚ ਜਾ ਕੇ ਲੋਕਾਂ ਦੀ ਆਵਾਜ਼ ਬਣੇਗੀ ਅਤੇ ਮੌਜੂਦਾ ਸਰਕਾਰ ਤੋਂ ਉਨ੍ਹਾਂ ਦੀਆਂ ਨਾਕਾਮੀਆਂ ਅਤੇ ਵਾਅਦਿਆਂ ਦਾ ਹਿਸਾਬ-ਕਿਤਾਬ ਮੰਗੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯਾਤਰਾ ਅਤੇ ਹੋਰ ਪ੍ਰੋਗਰਾਮਾਂ ਬਾਰੇ ਸਪੱਸ਼ਟ ਕਰਦਿਆਂ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਂਗਰਸ ਵੱਲੋਂ ਅਲੱਗ-ਅਲੱਗ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਪਾਰਟੀ ਦੀ ਇੱਕਜੁੱਟਤਾ ਦੇਖਣ ਨੂੰ ਮਿਲੇਗੀ ਅਤੇ ਪੰਜਾਬ ਦੇ ਸਾਰੇ ਸੀਨੀਅਰ ਕਾਂਗਰਸੀ ਆਗੂ ਇਨ੍ਹਾਂ ਯਾਤਰਾਵਾਂ ਤੇ ਸਮਾਗਮਾਂ ਵਿੱਚ ਬਰਾਬਰ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਪਲਟਵਾਰ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਕੋਲ ਅੱਜ ਜਨਤਾ ਦੇ ਅਸਲ ਮੁੱਦਿਆਂ 'ਤੇ ਬੋਲਣ ਲਈ ਕੁਝ ਨਹੀਂ ਬਚਿਆ। ਬੀਜੇਪੀ ਕੋਲ ਕੋਈ ਠੋਸ ਮੁੱਦਾ ਨਾ ਹੋਣ ਕਰਕੇ ਉਹ ਜਾਣ-ਬੁੱਝ ਕੇ ਇਸ ਤਰ੍ਹਾਂ ਦੇ ਫਜ਼ੂਲ ਮਸਲਿਆਂ ਨੂੰ ਹਵਾ ਦੇ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਰਾਜਨੀਤੀ ਕਰ ਰਹੀ ਹੈ।
- Download Babushahi App
-
-