ਲੁਧਿਆਣਾ ਜ਼ਿਲ੍ਹੇ 'ਚ ਘੱਟ ਮੁੱਲ ਵਾਲੇ ਵਸੀਕਿਆਂ ਰਾਹੀਂ ਕਰੋੜਾਂ ਦੇ ਮਾਲੀਏ ਦਾ ਘਪਲਾ, ਏਡੀਸੀ ਦੀ ਜਾਂਚ ਮਗਰੋਂ 10 ਮਾਮਲਿਆਂ 'ਚ 978 ਕੇਸ ਦਰਜ, ਖਰੀਦਦਾਰ ਤੇ ਵੇਚਣ ਵਾਲੇ ਨਾਮਜ਼ਦ
ਰਵਿੰਦਰ ਢਿੱਲੋ
ਖੰਨਾ, 11 ਨਵੰਬਰ, 2026
ਜ਼ਿਲ੍ਹਾ ਲੁਧਿਆਣਾ ਵਿੱਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਦੌਰਾਨ ਸਰਕਾਰੀ ਮਾਲੀਏ ਨੂੰ ਵੱਡਾ ਚੂਨਾ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਆਡਿਟ ਵਿਭਾਗ ਦੀ ਰਿਪੋਰਟ ਅਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰਾਂ (ਏਡੀਸੀਜ਼) ਵੱਲੋਂ ਕੀਤੀ ਗਈ ਉੱਚ-ਪੱਧਰੀ ਪੜਤਾਲ ਤੋਂ ਬਾਅਦ ਧੋਖਾਧੜੀ ਦੇ 10 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕੁੱਲ 978 ਘੱਟ ਮੁੱਲ ਵਾਲੇ (under-valued) ਵਸੀਕੇ ਸਾਹਮਣੇ ਆਏ ਹਨ, ਜਿਸ ਤਹਿਤ ਸਾਰੇ ਸਬੰਧਤ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਕੁਲੈਕਟਰ ਰੇਟਾਂ ਨੂੰ ਨਜ਼ਰਅੰਦਾਜ਼ ਕਰਕੇ ਜਾਇਦਾਦਾਂ ਦੀ ਕੀਮਤ ਅਸਲ ਨਾਲੋਂ ਕਾਫ਼ੀ ਘੱਟ ਦਰਸਾਈ ਗਈ ਸੀ, ਤਾਂ ਜੋ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦੀ ਚੋਰੀ ਕੀਤੀ ਜਾ ਸਕੇ। ਆਡਿਟ ਟੀਮ ਵੱਲੋਂ ਉਠਾਏ ਗਏ ਇਤਰਾਜ਼ਾਂ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੇ ਵਸੀਕਿਆਂ ਦੀ ਘੋਖ ਕੀਤੀ, ਤਾਂ ਵੱਡੇ ਪੱਧਰ 'ਤੇ ਗੜਬੜੀ ਪਾਈ ਗਈ।
ਖੇਤਰਵਾਰ ਦਰਜ ਕੇਸਾਂ ਦਾ ਵੇਰਵਾ:
ਪ੍ਰਸ਼ਾਸਨਿਕ ਰਿਪੋਰਟ ਅਨੁਸਾਰ ਸਭ ਤੋਂ ਵੱਧ ਮਾਮਲੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਅਧੀਨ ਸਾਹਮਣੇ ਆਏ ਹਨ। ਵੇਰਵਾ ਇਸ ਪ੍ਰਕਾਰ ਹੈ:
- ਸਮਰਾਲਾ: 351 ਕੇਸ
- ਮਾਛੀਵਾੜਾ ਸਾਹਿਬ: 237 ਕੇਸ
- ਜਗਰਾਉਂ: 103 ਕੇਸ
- ਲੁਧਿਆਣਾ ਕੇਂਦਰੀ: 82 ਕੇਸ
- ਲੁਧਿਆਣਾ ਪੱਛਮੀ: 65 ਕੇਸ
- ਲੁਧਿਆਣਾ ਪੂਰਬੀ: 36 ਕੇਸ
- ਸਿੱਧਵਾਂ ਬੇਟ: 33 ਕੇਸ
- ਰਾਏਕੋਟ: 31 ਕੇਸ
- ਪਾਇਲ: 25 ਕੇਸ
- ਸਾਹਨੇਵਾਲ: 15 ਕੇਸ
ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸ਼ਾਮਲ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਦੋਸ਼ੀ ਪਾਇਆ ਗਿਆ ਹੈ। ਸਰਕਾਰ ਵੱਲੋਂ ਨਾ ਸਿਰਫ਼ ਚੋਰੀ ਕੀਤੀ ਗਈ ਸਟੈਂਪ ਡਿਊਟੀ ਦੀ ਰਿਕਵਰੀ ਵਿਆਜ ਅਤੇ ਭਾਰੀ ਜੁਰਮਾਨੇ ਸਮੇਤ ਕਰਨ ਦੀ ਪ੍ਰਕਿਰਿਆ ਵਿੱਢੀ ਜਾ ਰਹੀ ਹੈ, ਸਗੋਂ ਜਾਅਲਸਾਜ਼ੀ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਫੌਜਦਾਰੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਪੂਰੇ ਗੋਰਖਧੰਦੇ ਵਿੱਚ ਮਿਲੀਭੁਗਤ ਦੇ ਸ਼ੱਕ ਤਹਿਤ ਸਬੰਧਤ ਰਜਿਸਟਰੀ ਸਟਾਫ਼ ਅਤੇ ਵਸੀਕਾ ਨਵੀਸਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ।
- Download Babushahi App
-
-