"ਕਾਂਗਰਸ ਦੀ ਪਿਆਰ ਦੀ ਦੁਕਾਨ ਵਿੱਚ ਮਾਫੀਆ ਦਾ ਸਾਮਾਨ ਵਿਕ ਰਿਹੈ'' : ਦਿਨੇਸ਼ ਚੱਢਾ
60 ਏਕੜ ਖੱਡ ਦੀ ਮਲਕੀਅਤ 'ਤੇ ਚੁੱਕੇ ਸਵਾਲ
ਚੰਡੀਗੜ੍ਹ, 10 ਨਵੰਬਰ, 2026: ਪੰਜਾਬ ਕਾਂਗਰਸ ਭਵਨ ਵਿੱਚ ਸਾਬਕਾ ਵਿਧਾਇਕ ਵਰਿੰਦਰ ਸਿੰਘ ਢਿੱਲੋਂ ਅਤੇ ਸਾਬਕਾ ਸਕੱਤਰ ਰਣਜੀਤ ਸਿੰਘ ਤੱਖਣਮਾਜਰਾ ਵਿਚਕਾਰ ਹੋਈ ਕੁੱਟਮਾਰ ਅਤੇ ਜਾਤੀਸੂਚਕ ਸ਼ਬਦਾਂ ਦੇ ਵਿਵਾਦ ਨੇ ਹੁਣ ਸਿਆਸੀ ਮੋੜ ਲੈ ਲਿਆ ਹੈ। ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੂਪਨਗਰ (ਰੋਪੜ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਾਂਗਰਸ ਅਤੇ ਵਰਿੰਦਰ ਢਿੱਲੋਂ ਵਿਰੁੱਧ ਤਿੱਖਾ ਮੋਰਚਾ ਖੋਲ੍ਹਿਆ ਹੈ। ਚੱਢਾ ਨੇ ਰਾਹੁਲ ਗਾਂਧੀ ਦੇ "ਮੋਹੱਬਤ ਕੀ ਦੁਕਾਨ" ਵਾਲੇ ਨਾਅਰੇ 'ਤੇ ਤੰਜ ਕੱਸਦਿਆਂ ਕਿਹਾ ਕਿ "ਕਾਂਗਰਸ ਦੀ ਪਿਆਰ ਦੀ ਦੁਕਾਨ ਵਿੱਚ ਮਾਫੀਆ ਦਾ ਸਾਮਾਨ ਵਿਕ ਰਿਹਾ ਹੈ।"
ਦਿਨੇਸ਼ ਚੱਢਾ ਨੇ ਢਿੱਲੋਂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਢਿੱਲੋਂ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ ਅਤੇ ਕਾਨੂੰਨ ਦੀ ਡਿਗਰੀ ਦੇ 3 ਸਮੈਸਟਰ ਪੂਰੇ ਕਰਨ ਤੋਂ ਬਾਅਦ ਚੌਥਾ ਸਮੈਸਟਰ ਰੇਤ ਮਾਫੀਆ ਨਾਲ ਲਗਾਇਆ। ਉਨ੍ਹਾਂ ਕਿਹਾ ਕਿ 2017 ਦੇ ਚੋਣ ਹਲਫ਼ਨਾਮੇ ਅਤੇ ਹਾਈ ਕੋਰਟ ਵਿੱਚ ਚੱਲ ਰਹੇ ਕੇਸਾਂ ਦੇ ਦਸਤਾਵੇਜ਼ਾਂ ਮੁਤਾਬਕ ਢਿੱਲੋਂ 29 ਸਾਲ ਦੀ ਉਮਰ ਵਿੱਚ ਹੀ 60 ਏਕੜ ਦੀ ਰੇਤ ਖੱਡ ਦੇ ਮਾਲਕ ਬਣ ਗਏ ਸਨ ਅਤੇ ਸਾਲਾਨਾ 4 ਕਰੋੜ ਰੁਪਏ ਦੀ ਕਮਾਈ ਕਰ ਰਹੇ ਸਨ। 'ਆਪ' ਵਿਧਾਇਕ ਨੇ ਦੋਸ਼ ਲਗਾਇਆ ਕਿ 2013 ਤੋਂ 2022 ਤੱਕ ਢਿੱਲੋਂ ਰੋਪੜ ਜ਼ਿਲ੍ਹੇ ਵਿੱਚ ਮਾਈਨਿੰਗ ਠੇਕੇਦਾਰਾਂ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਦੇ ਭਾਈਵਾਲ ਰਹੇ ਹਨ।
27 ਅਕਤੂਬਰ (ਕਾਂਗਰਸ ਭਵਨ ਝਗੜਾ): ਪੰਜਾਬ ਕਾਂਗਰਸ ਭਵਨ ਦੇ ਵਾਸ਼ਰੂਮ ਬਾਹਰ ਵਰਿੰਦਰ ਢਿੱਲੋਂ ਅਤੇ ਰਣਜੀਤ ਸਿੰਘ ਤੱਖਣਮਾਜਰਾ ਵਿਚਾਲੇ ਝੜਪ ਹੋਈ। ਤੱਖਣਮਾਜਰਾ ਨੇ ਢਿੱਲੋਂ 'ਤੇ ਕੁੱਟਮਾਰ ਕਰਨ ਅਤੇ ਜਾਤੀਸੂਚਕ ਗਾਲ੍ਹਾਂ ਕੱਢਣ ਦੇ ਦੋਸ਼ ਲਗਾਏ।
28 ਅਕਤੂਬਰ ਤੋਂ 3 ਨਵੰਬਰ (ਵਿਰੋਧ ਤੇ ਨੋਟਿਸ): ਦਲਿਤ ਸੰਗਠਨਾਂ ਵੱਲੋਂ ਰੋਪੜ ਅਤੇ ਚਮਕੌਰ ਸਾਹਿਬ ਵਿੱਚ ਪ੍ਰਦਰਸ਼ਨ ਕੀਤੇ ਗਏ, ਜਿਸ ਤੋਂ ਬਾਅਦ ਕਾਂਗਰਸ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਢਿੱਲੋਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।
4 ਨਵੰਬਰ (ਪੁਲਿਸ ਕਾਰਵਾਈ): ਚੰਡੀਗੜ੍ਹ ਦੇ ਸੈਕਟਰ-11 ਥਾਣੇ ਵਿੱਚ ਤੱਖਣਮਾਜਰਾ ਦੀ ਸ਼ਿਕਾਇਤ 'ਤੇ ਢਿੱਲੋਂ ਵਿਰੁੱਧ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ।
7-8 ਨਵੰਬਰ (ਢਿੱਲੋਂ ਦੀ ਸਫ਼ਾਈ): ਵਰਿੰਦਰ ਢਿੱਲੋਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਸਹੁੰ ਚੁੱਕੀ ਕਿ ਉਨ੍ਹਾਂ ਨੇ ਕੋਈ ਜਾਤੀਵਾਦੀ ਟਿੱਪਣੀ ਨਹੀਂ ਕੀਤੀ।
- Download Babushahi App
-
-