ਵੱਡੀ ਖ਼ਬਰ: ਪੰਜਾਬ ਦੇ ਤਿੰਨ ਵਿਧਾਇਕ ਭਾਜਪਾ 'ਚ ਸ਼ਾਮਲ
ਪੰਜਾਬ ਦੀ ਮੌਜੂਦਾ ਸਥਿਤੀ 'ਤੇ ਚਿੰਤਾ: MLAs ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ, ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਘੇਰਿਆ
Babushahi Network
ਚੰਡੀਗੜ੍ਹ, 2 ਨਵੰਬਰ 2026- ਪੰਜਾਬ ਦੇ ਤਿੰਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਵਿੱਚ ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਪਾਰਟੀ ਦੇ ਸੀਨੀਅਰ ਆਗੂਆਂ (ਭਾਜਪਾ ਪ੍ਰਧਾਨ ਕੇਵਲ ਢਿੱਲੋਂ ਅਤੇ ਇੰਚਾਰਜ ਸਤੀਸ਼ ਪੂਨੀਆ) ਨੇ ਨਵੇਂ ਸ਼ਾਮਲ ਹੋਏ MLAs ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੀ ਪੁਲਿਸ ਸੇਵਾ ਦੌਰਾਨ ਅਤੇ ਬਾਅਦ ਵਿੱਚ ਵੀ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਹੈ, ਪਰ ਮੌਜੂਦਾ AAP ਸਰਕਾਰ ਵਿੱਚ ਸੂਬੇ ਦਾ ਵਿਦਿਅਕ ਅਤੇ ਪ੍ਰਸ਼ਾਸਨਿਕ ਸਿਸਟਮ ਪੂਰੀ ਤਰ੍ਹਾਂ ਲੜਖੜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਅਤੇ ਸੂਬੇ ਵਿੱਚ ਨਸ਼ਾ ਚਰਮ ਸੀਮਾ 'ਤੇ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।
ਹਰਮੀਤ ਸਿੰਘ ਪਠਾਨਮਾਜਰਾ ਨੇ ਵੀ ਆਪਣੇ ਸਿਆਸੀ ਸਫ਼ਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ, ਪਰ ਜਿਸ ਉਮੀਦ ਨਾਲ ਪੰਜਾਬ ਵਿੱਚ ਬਦਲਾਅ ਲਿਆਂਦਾ ਗਿਆ ਸੀ, ਉਹ ਲੋਕਾਂ ਨਾਲ ਇੱਕ ਵੱਡਾ ਧੋਖਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਬਜਾਏ ਸਿਰਫ਼ ਦਾਅਵੇ ਕੀਤੇ ਜਾ ਰਹੇ ਹਨ। ਚੇਤਨ ਸਿੰਘ ਜੋੜਾਮਾਜਰਾ ਨੇ ਵੀ ਪੰਜਾਬ ਦੀ ਮੌਜੂਦਾ ਆਰਥਿਕ ਅਤੇ ਕਾਨੂੰਨੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਿਰ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਪਰੇਸ਼ਾਨ ਹਨ।
ਭਾਜਪਾ ਪ੍ਰਧਾਨ ਕੇਵਲ ਢਿੱਲੋਂ ਅਤੇ ਇੰਚਾਰਜ ਸਤੀਸ਼ ਪੂਨੀਆ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋਣ ਕਾਰਨ ਹੁਣ ਸੂਬੇ ਦੇ ਸੂਝਵਾਨ ਆਗੂ ਅਤੇ ਜਨਤਾ ਭਾਜਪਾ ਦੀ ਨੀਤੀਆਂ ਨਾਲ ਜੁੜ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਬਹਾਲੀ, ਨਸ਼ੇ ਦੇ ਖਾਤਮੇ ਅਤੇ ਸੂਬੇ ਦੀ ਖੁਸ਼ਹਾਲੀ ਲਈ ਭਾਜਪਾ ਪੂਰੀ ਮਜ਼ਬੂਤੀ ਨਾਲ ਕੰਮ ਕਰੇਗੀ। ਇਸ ਮੌਕੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
- Download Babushahi App
-
-